1.01 ਕਰੋੜ ਰੁਪਏ ਠੱਗਣ ਦੇ ਦੋਸ਼ ’ਚ ਕੇਸ ਦਰਜ
1.01 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਕੇਸ ਦਰਜ
Publish Date: Sun, 17 May 2026 05:08 PM (IST)
Updated Date: Mon, 18 May 2026 04:07 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਜ਼ਮੀਨ ਦੇ ਸੌਦੇ ਦੇ ਨਾਂ ’ਤੇ 1 ਕਰੋੜ 1 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ। ਜਾਣਕਾਰੀ ਅਨੁਸਾਰ ਨਹੀਆਵਾਲਾ ਥਾਣੇ ਦੀ ਪੁਲਿਸ ਕੋਲ ਇਕਬਾਲ ਸਿੰਘ ਵਾਸੀ ਗਿੱਦੜਬਾਹਾ ਨੇ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਕੋਟਲੀ ਅਬਲੂ ਦੇ ਰਹਿਣ ਵਾਲੇ ਸਿਮਰਜੀਤ ਸਿੰਘ ਨੇ ਉਸ ਨਾਲ ਜ਼ਮੀਨ ਵੇਚਣ ਦਾ ਸੌਦਾ ਕੀਤਾ ਸੀ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਨੇ ਖ਼ੁਦ ਨੂੰ ਜ਼ਮੀਨ ਦਾ ਮਾਲਕ ਦੱਸਦਿਆਂ ਉਸ ਨਾਲ ਭਰੋਸੇ ਦੇ ਆਧਾਰ ’ਤੇ ਲੈਣ-ਦੇਣ ਕੀਤਾ। ਇਕਬਾਲ ਸਿੰਘ ਨੇ ਦੋਸ਼ ਲਗਾਇਆ ਕਿ ਜ਼ਮੀਨ ਦੇ ਸੌਦੇ ਦੇ ਨਾਂ ’ਤੇ ਉਸ ਤੋਂ ਕਰੀਬ 1 ਕਰੋੜ 1 ਲੱਖ ਰੁਪਏ ਲਏ ਗਏ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਜਦੋਂ ਉਸ ਵੱਲੋਂ ਆਪਣੇ ਪੈਸੇ ਵਾਪਸ ਮੰਗੇ ਗਏ ਤਾਂ ਮੁਲਜ਼ਮ ਵੱਲੋਂ ਲਗਾਤਾਰ ਟਾਲਮਟੋਲ ਕੀਤੀ ਜਾਂਦੀ ਰਹੀ ਤੇ ਆਖ਼ਰਕਾਰ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਈ ਵਾਰ ਆਪਸੀ ਤੌਰ ’ਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਹੱਲ ਨਾ ਨਿਕਲਣ ’ਤੇ ਉਸਨੂੰ ਪੁਲਿਸ ਦੀ ਸ਼ਰਨ ਲੈਣੀ ਪਈ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਗਈ, ਜਿਸਦੀ ਜਾਂਚ ਉਪਰੰਤ ਪੁਲਿਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਲੈਣ-ਦੇਣ ਨਾਲ ਜੁੜੇ ਦਸਤਾਵੇਜ਼ਾਂ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਜ਼ਮੀਨੀ ਸੌਦਿਆਂ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਜ਼ਮੀਨ ਦੀ ਖਰੀਦੋ-ਫਰੋਖ਼ਤ ਸਮੇਂ ਪੂਰੀ ਤਸਦੀਕ ਅਤੇ ਕਾਨੂੰਨੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਠੱਗੀਆਂ ਤੋਂ ਬਚਿਆ ਜਾ ਸਕੇ।