‘ਆਪ’ ਦੇ 4 ਉਮੀਦਵਾਰਾਂ ਵੱਲੋਂ ਚੋਣ ਲੜਨ ਤੋਂ ਨਾਂਹ, ਨਵੇਂ ਮੈਦਾਨ 'ਚ ਉਤਾਰੇ
ਆਪ ਦੇ 4 ਉਮੀਦਵਾਰਾਂ ਵੱਲੋਂ ਚੋਣ ਲੜਨ ਤੋਂ ਨਾਂਹ, ਨਵੇਂ ਉਮੀਦਵਾਰ ਮੈਦਾਨ 'ਚ ਉਤਾਰੇ
Publish Date: Sun, 17 May 2026 04:59 PM (IST)
Updated Date: Mon, 18 May 2026 04:06 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
13 ਮੈਂਬਰੀ ਨਗਰ ਪੰਚਾਇਤ ਭਗਤਾ ਭਾਈਕਾ ਦੀਆਂ ਚੋਣਾਂ ਨੂੰ ਲੈ ਕੇ ‘ਆਪ’ ’ਚ ਅੰਦਰਖਾਤੇ ਵੱਡੀ ਗੁੱਟਬੰਦੀ ਕਾਰਨ ਆਪ ਲਈ ਸਿਆਸੀ ਖਤਰੇ ਦੇ ਸੰਕੇਤ ਹਨ। ਆਪ ਵੱਲੋਂ ਐਲਾਨੀ ਗਈ 12 ਉਮੀਦਵਾਰਾਂ ਦੀ ਸੂਚੀ ਵਿਚੋਂ ਸਹਿਰ ਦੇ ਚਾਰ ਉਮੀਦਵਾਰਾਂ ਨੇ ਚੋਣ ਲੜਨ ਤੋਂ ਨਾਂਹ ਕਰ ਦਿੱਤੇ ਜਾਣ ਤੇ ‘ਆਪ’ ਦੇ ਸੀਨੀਅਰ ਆਗੂਆਂ ਨੂੰ ਸਿਆਸੀ ਭਾਜੜਾਂ ਪੈ ਗਈਆਂ ਸਨ। ਪਾਰਟੀ ਹਾਈਕਮਾਂਡ ਨੇ ਹਲਕੇ ਦੇ ਦੋ ਆਪ ਆਗੂਆਂ ਨੂੰ ਤੁਰੰਤ ਨਵੇਂ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਦੀ ਹਦਾਇਤ ਕਰ ਦਿੱਤੀ। ‘ਆਪ’ ਵੱਲੋਂ ਐਲਾਨੀ ਗਈ ਸੂਚੀ ਵਿਚ ਸਹਿਰ ਦੇ ਵਾਰਡ-1 ਤੋਂ ਬੇਨਤੀ ਕੌਰ, ਵਾਰਡ ਨੰਬਰ 2 ਤੋਂ ਜਸਵਿੰਦਰ ਸਿੰਘ, ਵਾਰਡ ਨੰਬਰ 5 ਤੋਂ ਪਵਨਦੀਪ ਕੌਰ ਤੇ ਵਾਰਡ 7 ਤੋਂ ਗੀਤਾ ਰਾਣੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ, ਪਰ ਉਨ੍ਹਾਂ ਵੱਲੋਂ ਚੋਣ ਲੜਨ ਤੋਂ ਨਾਂਹ ਕੀਤੇ ਜਾਣ ਕਾਰਨ ਹੁਣ ਵਾਰਡ-1 ਤੋਂ ਮਿਥਲੇਸ ਵਰਮਾ ਪਤਨੀ ਰਾਮਾ ਸ਼ੰਕਰ, ਵਾਰਡ ਨੰਬਰ 2 ਤੋਂ ਸੁਖਮੰਦਰ ਸਿੰਘ, ਵਾਰਡ ਨੰਬਰ 5 ਤੋਂ ਹਰਜਿੰਦਰ ਕੌਰ ਪਤਨੀ ਸੁਰਿੰਦਰਪਾਲ ਸਿੰਘ ਅਤੇ ਵਾਰਡ 7 ਤੋਂ ਦਲਜੀਤ ਕੌਰ ਪਤਨੀ ਅਜਾਇਬ ਸਿੰਘ ਸਾਬਕਾ ਕੌਂਸਲਰ ਨੂੰ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਹਿਰ ਦੇ ਵਾਰਡ ਨੰਬਰ 10 ਦੀ ਟਿਕਟ ਵੀ ਦੋ ਧੜਿਆਂ ਵਿਚ ਵਕਾਰ ਦਾ ਸਵਾਲ ਬਣੀ ਹੋਈ ਸੀ, ਜਿਸ ਕਰਕੇ ਨਗਰ ਪੰਚਾਇਤ ਭਗਤਾ ਭਾਈ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿਚ ਕਾਫੀ ਦੇਰੀ ਹੋਈ। ਐਲਾਨੀ ਗਈ ਸੂਚੀ ਵਿਚ ਸਹਿਰ ਦੇ ਵਾਰਡ-8 ਨੂੰ ਛੱਡ ਕੇ ਬਾਕੀ 12 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਸੀ ਅਤੇ ਬਾਅਦ ਵਿਚ ਵਾਰਡ-8 ਤੋਂ ਸਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਨੂੰ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਭਾਵੇਂ ਆਪ ਆਗੂਆਂ ਨੇ ਮੌਕੇ ’ਤੇ ਨਵੇਂ ਉਮੀਦਵਾਰ ਤਿਆਰ ਕਰ ਲਏ ਪਰ ਸੱਤਾਧਾਰੀ ਧਿਰ ਨਾਲ ਸਬੰਧਤ ਉਮੀਦਵਾਰਾਂ ਵੱਲੋਂ ਚੋਣ ਲੜਨ ਤੋਂ ਨਾਂਹ ਕੀਤੇ ਜਾਣ ਨਾਲ ਸਿਆਸੀ ਲੋਕਾਂ ’ਚ ‘ਆਪ’ ਦੀ ਕਿਰਕਰੀ ਹੋ ਰਹੀ ਹੈ।