ਬੇਸਹਾਰਾ ਦਿਵਿਆਂਗ ਦੀ ਹੋਈ ਮੌਤ, ਪਛਾਣ ਦੇ ਯਤਨ ਜਾਰੀ
ਮਾਲ ਗੋਦਾਮ ਰੋਡ ’ਤੇ ਬੇਸਹਾਰਾ ਦਿਵਿਆਂਗ ਵਿਅਕਤੀ ਦੀ ਮੌਤ
Publish Date: Sun, 17 May 2026 04:47 PM (IST)
Updated Date: Mon, 18 May 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਮਾਲ ਗੋਦਾਮ ਰੋਡ ’ਤੇ ਇਕ ਬੇਸਹਾਰਾ ਦਿਵਿਆਂਗ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਤਿੱਖੀ ਗਰਮੀ ਕਾਰਨ ਉਸਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਘਟਨਾ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਟੀਮ ਵਿੱਚ ਸੰਦੀਪ ਗਿੱਲ, ਗੁੱਲੀ ਠਾਕੁਰ, ਟੇਕਚੰਦ ਅਤੇ ਰਾਜਿੰਦਰ ਕੁਮਾਰ ਸ਼ਾਮਲ ਸਨ। ਮੌਕੇ ’ਤੇ ਪਹੁੰਚਣ ’ਤੇ ਪਤਾ ਲੱਗਿਆ ਕਿ ਦਿਵਿਆਂਗ ਬੇਸਹਾਰਾ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਸਥਾਨਕ ਲੋਕਾਂ ਅਨੁਸਾਰ ਮ੍ਰਿਤਕ ਪਿਛਲੇ ਕਾਫ਼ੀ ਸਮੇਂ ਤੋਂ ਮਾਲ ਗੋਦਾਮ ਰੋਡ ਇਲਾਕੇ ਵਿੱਚ ਹੀ ਰਹਿ ਰਿਹਾ ਸੀ ਅਤੇ ਬੇਸਹਾਰਾ ਹਾਲਤ ਵਿੱਚ ਆਪਣਾ ਗੁਜ਼ਾਰਾ ਕਰਦਾ ਸੀ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਕਾਰਨ ਉਸਦੀ ਸਿਹਤ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਹਾਰਾ ਟੀਮ ਵੱਲੋਂ ਤੁਰੰਤ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਦੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਦੇ ਸ਼ਵ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ। ਸਹਾਰਾ ਜਨ ਸੇਵਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਲਾਸ਼ ਨੂੰ ਮੋਰਚਰੀ ਵਿੱਚ ਸੁਰੱਖਿਅਤ ਰੱਖਵਾ ਦਿੱਤਾ ਗਿਆ ਹੈ ਤਾਂ ਜੋ ਜੇਕਰ ਕੋਈ ਪਰਿਵਾਰਕ ਮੈਂਬਰ ਜਾਂ ਜਾਣਕਾਰ ਸਾਹਮਣੇ ਆਉਂਦਾ ਹੈ ਤਾਂ ਕਾਰਵਾਈ ਕੀਤੀ ਜਾ ਸਕੇ।