ਗੈਸ ਏਜੰਸੀ ਦੀ ਕੰਧ ਡਿੱਗੀ, ਮਜ਼ਦੂਰ ਔਰਤ ਦੀ ਮੌਤ, ਚਾਰ ਜ਼ਖ਼ਮੀ
ਗੈਸ ਏਜੰਸੀ ਦੀ ਕੰਧ ਡਿੱਗੀ, ਮਜ਼ਦੂਰ ਔਰਤ ਦੀ ਮੌਤ, ਚਾਰ ਜ਼ਖ਼ਮੀ
Publish Date: Sun, 17 May 2026 04:25 PM (IST)
Updated Date: Mon, 18 May 2026 04:04 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਸੰਗਤ ਨੇੜੇ ਇਕ ਗੈਸ ਏਜੰਸੀ ਵਿਚ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏਜੰਸੀ ਦੀ ਮੁਰੰਮਤ ਦੌਰਾਨ ਕੰਧ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਇਕ ਮਜ਼ਦੂਰ ਔਰਤ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਔਰਤਾਂ ਜ਼ਖ਼ਮੀ ਹੋ ਗਈਆਂ। ਪੁਲਿਸ ਨੇ ਪੀੜਤ ਪਰਿਵਾਰਾਂ ਦੀ ਸ਼ਿਕਾਇਤ ਤੇ ਡੱਬਵਾਲੀ ਦੇ ਰਹਿਣ ਵਾਲੇ ਗੈਸ ਏਜੰਸੀ ਸੰਚਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਜਿੰਦਰ ਕੁਮਾਰ ਵਾਸੀ ਨਰਸਿੰਗ ਕਲੋਨੀ ਨੇ ਥਾਣਾ ਸੰਗਤ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਦੀ ਪਤਨੀ ਸੁਨੀਤਾ ਰਾਣੀ ਗੈਸ ਏਜੰਸੀ ’ਚ ਮਜ਼ਦੂਰੀ ਕਰਨ ਗਈ ਹੋਈ ਸੀ। ਕੰਮ ਦੌਰਾਨ ਏਜੰਸੀ ਦੀ ਕੰਧ ਅਚਾਨਕ ਡਿੱਗ ਪਈ, ਜਿਸ ਹੇਠ ਕਈ ਔਰਤਾਂ ਦੱਬ ਗਈਆਂ। ਹਾਦਸੇ ’ਚ 33 ਸਾਲਾ ਸੁਨੀਤਾ ਰਾਣੀ ਦੀ ਮੌਤ ਹੋ ਗਈ, ਜਦਕਿ ਵੀਰਪਾਲ ਕੌਰ, ਮਹਿਕਪ੍ਰੀਤ ਕੌਰ, ਅਮਨਦੀਪ ਕੌਰ ਅਤੇ ਸੁਖਦੀਪ ਕੌਰ ਜ਼ਖ਼ਮੀ ਹੋ ਗਈਆਂ। ਸੰਗਤ ਪੁਲਿਸ ਨੇ ਨੀਰਜ ਗੋਇਲ ਅਤੇ ਪ੍ਰੇਮ ਕੁਮਾਰ ਵਾਸੀ ਡੱਬਵਾਲੀ ਖਿਲਾਫ ਲਾਪਰਵਾਹੀ ਦਾ ਕੇਸ ਦਰਜ ਕੀਤਾ ਹੈ।