ਬਿਮਾਰੀਆਂ ਤੋਂ ਨਿਜਾਤ ਦਿਵਾਏਗੀ 'ਟੈਲੀ ਮਾਨਸ' ਸੇਵਾ ਹੈਲਪਲਾਈਨ
ਬਿਮਾਰੀਆਂ ਤੋਂ ਨਿਜਾਤ ਦਿਵਾਏਗੀ 'ਟੈਲੀ ਮਾਨਸ' ਸੇਵਾ ਹੈਲਪਲਾਈਨ
Publish Date: Sun, 17 May 2026 04:23 PM (IST)
Updated Date: Mon, 18 May 2026 04:04 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਮਾਨਸਿਕ ਰੋਗਾਂ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸੇ ਕੜੀ ਤਹਿਤ ਬਠਿੰਡਾ ਦੇ ਹਾਜੀ ਰਤਨ ਚੌਕ ਅਤੇ ਟਰੱਕ ਯੂਨੀਅਨ ਵਿਖੇ ਡਰਾਈਵਰ ਭਾਈਚਾਰੇ ਲਈ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਵੇਲੇ ਸਰਕਾਰ ਵੱਲੋਂ ਜਾਰੀ ਟੋਲ-ਫ੍ਰੀ ਨੰਬਰ 14416 ਦੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲਗਾਤਾਰ ਸਫ਼ਰ ਅਤੇ ਤਣਾਅ ਵਿੱਚ ਰਹਿਣ ਵਾਲੇ ਡਰਾਈਵਰਾਂ ਨੂੰ ਮਾਨਸਿਕ ਬਿਮਾਰੀਆਂ ਦੇ ਲੱਛਣਾਂ ਅਤੇ ਉਨ੍ਹਾਂ ਦੇ ਮੁਫ਼ਤ ਇਲਾਜ ਬਾਰੇ ਜਾਣਕਾਰੀ ਦੇਣਾ ਸੀ। ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਦੱਸਿਆ ਗਿਆ ਕਿ ਸਮਾਜ ਵਿੱਚ ਮਾਨਸਿਕ ਰੋਗਾਂ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਮਾਮਲੇ ਲਗਾਤਾਰ ਵਧ ਰਹੇ ਹਨ। ਡਾ. ਤਪਿੰਦਰਜੋਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਟੈਲੀ ਮਾਨਸ ਸੇਵਾ ਰਾਹੀਂ ਹੁਣ ਕੋਈ ਵੀ ਪੀੜਤ ਵਿਅਕਤੀ ਘਰ ਬੈਠੇ ਮਾਹਿਰ ਡਾਕਟਰਾਂ ਦੀ ਸਲਾਹ ਲੈ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਬਹੁਤ ਜ਼ਿਆਦਾ ਉਦਾਸੀ ਰਹਿੰਦੀ ਹੈ, ਚਿੰਤਾ ਜਾਂ ਘਬਰਾਹਟ ਹੁੰਦੀ ਹੈ, ਨੀਂਦ ਨਹੀਂ ਆਉਂਦੀ ਜਾਂ ਮਨ ਵਿੱਚ ਖ਼ੁਦਕੁਸ਼ੀ ਵਰਗੇ ਨਕਾਰਾਤਮਕ ਵਿਚਾਰ ਆਉਂਦੇ ਹਨ, ਤਾਂ ਇਸ ਨੂੰ ਛਿਪਾਉਣ ਦੀ ਬਜਾਏ ਤੁਰੰਤ ਮਦਦ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਿਕ ਬਿਮਾਰੀਆਂ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀਆਂ ਹਨ ਅਤੇ ਇਹ ਪੂਰੀ ਤਰ੍ਹਾਂ ਇਲਾਜਯੋਗ ਹਨ। ਸਰਕਾਰੀ ਹਸਪਤਾਲਾਂ ਵਿੱਚ ਇਨ੍ਹਾਂ ਰੋਗਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕੈਂਪ ਦੌਰਾਨ ਡਰਾਈਵਰਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਵੀ ਸੁਚੇਤ ਕੀਤਾ ਗਿਆ ਅਤੇ ਸਫ਼ਰ ਦੌਰਾਨ ਆਪਣੀ ਜੀਵਨ ਸ਼ੈਲੀ ਨੂੰ ਸਿਹਤਮੰਦ ਰੱਖਣ ਦੀ ਅਪੀਲ ਕੀਤੀ ਗਈ। ਅਖੀਰ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਿਕ ਰੋਗ ਨੂੰ ਵਹਿਮ-ਭਰਮ ਨਾ ਮੰਨ ਕੇ ਇਸ ਦਾ ਵਿਗਿਆਨਕ ਤਰੀਕੇ ਨਾਲ ਇਲਾਜ ਕਰਵਾਇਆ ਜਾਵੇ ਤੇ ਹੈਲਪਲਾਈਨ ਨੰਬਰ 14416 ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।