ਫ਼ਸਲ ਚੋਰੀ ਕਰਨ ਦੇ ਦੋਸ਼ ’ਚ ਨੌ ਜਣਿਆਂ ਖ਼ਿਲਾਫ਼ ਕੇਸ ਦਰਜ
ਜ਼ਬਰਦਸਤੀ ਫਸਲ ਵੱਢ ਕੇ ਕੀਤੀ ਚੋਰੀ, ਨੌ ਵਿਅਕਤੀਆਂ ਖਿਲਾਫ ਕੇਸ ਦਰਜ
Publish Date: Sun, 17 May 2026 04:22 PM (IST)
Updated Date: Mon, 18 May 2026 04:04 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਸਵੈਚ ਕਮਾਲੂ ਵਿਖੇ ਛੇ ਤੋਂ ਵੱਧ ਵਿਅਕਤੀਆਂ ਵੱਲੋਂ ਇਕ ਖੇਤ ’ਚ ਜ਼ਬਰਦਸਤੀ ਦਾਖਲ ਹੋ ਕੇ ਸਰੋਂ ਦੀ ਫਸਲ ਵੱਢਣ ਤੇ ਖੇਤੀ ਦੇ ਸੰਦ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਫਰਵਰੀ ਮਹੀਨੇ ਦਾ ਦੱਸਿਆ ਜਾ ਰਿਹਾ ਹੈ। ਜਿਸ ਸਬੰਧ ਵਿੱਚ ਹੁਣ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਰਾਮਾਂ ਵਿਖੇ ਭੋਲਾ ਸਿੰਘ ਵਾਸੀ ਸਵੈਚ ਕਮਾਲੂ ਨੇ ਸ਼ਿਕਾਇਤ ਦਰਜ ਕਰਵਾਈ ਕਿ ਲੰਘੀ 21 ਫਰਵਰੀ ਨੂੰ ਉਹ ਆਪਣੀ ਜਮੀਨ ’ਤੇ ਗੇੜਾ ਮਾਰਨ ਗਿਆ ਸੀ। ਉਸਨੇ ਦੇਖਿਆ ਕਿ ਕੁਝ ਲੋਕ ਉਸਦੀ ਸਰੋਂ ਦੀ ਫਸਲ ਕੱਟ ਰਹੇ ਸਨ। ਪੀੜਤ ਅਨੁਸਾਰ ਜਦ ਉਸ ਨੇ ਉਕਤ ਵਿਅਕਤੀਆਂ ਦਾ ਵਿਰੋਧ ਕੀਤਾ ਤਾਂ ਉਸ ਨਾਲ ਧੱਕਾ-ਮੁੱਕੀ ਕੀਤੀ ਗਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਕਾਰਨ ਉਹ ਵਾਪਸ ਆ ਗਿਆ। ਪੀੜਤ ਨੇ ਦੱਸਿਆ ਕਿ ਬਾਅਦ ਵਿੱਚ ਮੁਲਜ਼ਮ ਕਰੀਬ ਇਕ ਏਕੜ ਸਰ੍ਹੋਂ ਦੀ ਫਸਲ ਤੇ ਖੇਤੀ ਸਾਮਾਨ ਵੀ ਲੈ ਗਏ। ਇਸ ਸਬੰਧੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਗੁਰਜੀਤ ਸਿੰਘ, ਗੁਰਪਿਆਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਰਾਮ ਸਿੰਘ, ਮਿੱਠੂ ਸਿੰਘ ਰਣਜੀਤ ਸਿੰਘ, ਬੂਟਾ ਸਿੰਘ ਵਾਸੀ ਪਿੰਡ ਗਿਆਨਾ ਅਤੇ ਛੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।