ਗਰਮੀ ਕਾਰਨ ਵਿਅਕਤੀ ਬੇਹੋਸ਼
ਗਰਮੀ ਕਾਰਨ ਵਿਅਕਤੀ ਬੇਹੋਸ਼
Publish Date: Sun, 17 May 2026 04:14 PM (IST)
Updated Date: Mon, 18 May 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਖਤ ਗਰਮੀ ਦੇ ਚਲਦਿਆਂ ਸਥਾਨਕ ਬਠਿੰਡਾ ਰੇਲਵੇ ਸਟੇਸ਼ਨ ’ਤੇ ਇਕ ਵਿਅਕਤੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ। ਰੇਲਵੇ ਸਟੇਸ਼ਨ ਨੇੜੇ ਇਕ ਰੇਲ ਯਾਤਰੀ ਗਰਮੀ ਕਾਰਨ ਚੱਕਰ ਖਾ ਕੇ ਬੇਹੋਸ਼ ਹੋ ਕੇ ਡਿੱਗ ਪਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਸਹਾਰਾ ਟੀਮ ਦੇ ਗੌਤਮ ਗੋਇਲ ਵੱਲੋਂ ਬੇਹੋਸ਼ ਪਏ ਵਿਅਕਤੀ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਦਾ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ। ਬੇਹੋਸ਼ ਹੋਇਆ ਵਿਅਕਤੀ ਰੇਲ ਯਾਤਰੀ ਸੀ ਤੇ ਉਸਦੀ ਪਛਾਣ ਹਿਸਾਰ ਦੇ ਰਹਿਣ ਵਾਲੇ ਵਿਅਕਤੀ ਵਜੋਂ ਹੋਈ ਹੈ। ਡਾਕਟਰਾਂ ਮੁਤਾਬਕ ਭਾਰੀ ਗਰਮੀ ਤੇ ਲੂ ਦੇ ਪ੍ਰਭਾਵ ਕਾਰਨ ਉਸਦੀ ਤਬੀਅਤ ਵਿਗੜੀ ਦੱਸੀ ਜਾ ਰਹੀ ਹੈ। ਸਹਾਰਾ ਜਨ ਸੇਵਾ ਦੀ ਟੀਮ ਵੱਲੋਂ ਗਰਮੀ ਦੇ ਮੌਸਮ ਦੌਰਾਨ ਲਗਾਤਾਰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਿੱਖੀ ਧੁੱਪ ਤੇ ਗਰਮੀ ਦੌਰਾਨ ਬਾਹਰ ਨਿਕਲਣ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ ਤੇ ਲੋੜ ਪੈਣ ’ਤੇ ਤੁਰੰਤ ਮੈਡੀਕਲ ਸਹਾਇਤਾ ਲਈ ਸੰਪਰਕ ਕੀਤਾ ਜਾਵੇ।