ਸਾਬਕਾ ਮੈਨੇਜਰ ਤੇ ਚਪੜਾਸੀ ਖ਼ਿਲਾਫ਼ ਧੋਖਾਧੜੀ ਦਾ ਕੇਸ
ਬੈਂਕ ਦੀ 5 ਲੱਖ ਦੀ ਸੀਸੀ ਲਿਮਟ ’ਚ ਘਪਲਾ, ਸਾਬਕਾ ਮੈਨੇਜਰ ਤੇ ਪੀਅਨ ਖ਼ਿਲਾਫ਼ ਧੋਖਾਧੜੀ ਦਾ ਕੇਸ
Publish Date: Sat, 16 May 2026 07:17 PM (IST)
Updated Date: Sun, 17 May 2026 04:13 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਦੇ ਇਕ ਵਿਅਕਤੀ ਦੇ ਨਾਮ ’ਤੇ 5 ਲੱਖ ਰੁਪਏ ਦੀ ਕੈਸ਼ ਕਰੈਡਿਟ ਲਿਮਟ ਮਨਜ਼ੂਰ ਕਰਵਾ ਕੇ ਲੱਖਾਂ ਰੁਪਏ ਹੜੱਪਣ ਦੇ ਦੋਸ਼ ਹੇਠ ਕੋਤਵਾਲੀ ਪੁਲਿਸ ਨੇ ਜੰਮੂ ਐਂਡ ਕਸ਼ਮੀਰ ਬੈਂਕ ਦੇ ਸਾਬਕਾ ਮੈਨੇਜਰ ਅਤੇ ਇਕ ਪੀਅਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤ ਨੂੰ ਪਤਾ ਲੱਗਿਆ ਕਿ ਉਸਦੇ ਨਾਮ ’ਤੇ ਜਾਰੀ ਹੋਈ ਲਿਮਟ ਵਿਚੋਂ ਜ਼ਿਆਦਾਤਰ ਰਕਮ ਉਸ ਤਕ ਪਹੁੰਚੀ ਹੀ ਨਹੀਂ। ਇਸ ਸਬੰਧੀ ਨੀਟਾ ਸਟਰੀਟ ਵਾਸੀ ਸ਼ਾਮ ਲਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2023 ਦੌਰਾਨ ਉਸਦੇ ਨਾਮ ’ਤੇ 5 ਲੱਖ ਰੁਪਏ ਦੀ ਸੀਸੀ ਲਿਮਟ ਮਨਜ਼ੂਰ ਹੋਈ ਸੀ। ਪੀੜਤ ਅਨੁਸਾਰ ਉਸਨੂੰ ਕੇਵਲ 50 ਹਜ਼ਾਰ ਰੁਪਏ ਹੀ ਦਿੱਤੇ ਗਏ, ਜਦਕਿ ਬਾਕੀ ਰਕਮ ਗੋਲ ਡਿੱਗੀ ਤੇ ਸਥਿਤ ਜੰਮੂ ਐਂਡ ਕਸ਼ਮੀਰ ਬੈਂਕ ਦੇ ਸਾਬਕਾ ਮੈਨੇਜਰ ਯਸ਼ਪਾਲ ਥਾਪਾ ਅਤੇ ਪੀਅਨ ਵਿਸ਼ਨੂੰ ਸਿੰਘ ਨੇ ਮਿਲੀਭੁਗਤ ਕਰਕੇ ਕੱਢ ਲਈ। ਉਕਤ ਮਾਮਲੇ ਦੀ ਪੜਤਾਲ ਕਰ ਰਹੇ ਕੋਤਵਾਲੀ ਥਾਣੇ ਦੇ ਏਐਸਆਈ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀਆਂ ਖਿਲਾਫ ਧੋਖਾਧੜੀ ਅਤੇ ਜਾਲਸਾਜ਼ੀ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।