ਕੋਠਾ ਗੁਰੂ 'ਚ ਆਪ ਦੀ ਅੰਮ੍ਰਿਤਪਾਲ ਕੌਰ ਬਿਨਾਂ ਮੁਕਾਬਲੇ ਜੇਤੂ
ਕੋਠਾ ਗੁਰੂ 'ਚ ਆਪ ਦੀ ਅੰਮ੍ਰਿਤਪਾਲ ਕੌਰ ਬਿਨਾਂ ਮੁਕਾਬਲਾ ਜਿੱਤੀ
Publish Date: Sat, 16 May 2026 07:15 PM (IST)
Updated Date: Sun, 17 May 2026 04:13 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਨਗਰ ਪੰਚਾਇਤ ਕੋਠਾਗੁਰੂ ਦੇ ਵਾਰਡ ਨੰਬਰ 5 ਤੋਂ ‘ਆਪ’ ਦੀ ਉਮੀਦਵਾਰ ਅੰਮ੍ਰਿਤਪਾਲ ਕੌਰ ਦਾ ਬਿਨਾਂ ਮੁਕਾਬਲਾ ਚੋਣ ਜਿੱਤ ਗਈ ਹੈ। ਉਸਦੇ ਮੁਕਾਬਲੇ ਲਈ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਨੇ ਕਾਗਜ਼ ਦਾਖਲ ਨਹੀ ਕੀਤੇ। ਜਿਕਰਯੋਗ ਹੈ ਕਿ ਨਗਰ ਪੰਚਾਇਤ ਕੋਠਾ ਗੁਰੂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦਾ ਜੱਦੀ ਨਗਰ ਹੈ। ਹਲਕਾ ਰਾਮਪੁਰਾ ਫੂਲ ਵਿਚੋਂ ਪਹਿਲੀ ਸੀਟ ਆਪ ਦੀ ਝੋਲੀ ਵਿਚ ਪੈਣ ਨਾਲ ਆਪ ਆਗੂ ਭੱਲਾ ਦਾ ਸਿਆਸੀ ਕੱਦ ਵੱਧਣ ਦੇ ਅਸਾਰ ਹਨ। ਇਸ ਜਿੱਤ ਨੂੰ ਲੈ ਕੇ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਦੀਆਂ ਲੋਕਪੱਖੀ ਨੀਤੀਆਂ, ਇਮਾਨਦਾਰ ਪ੍ਰਸ਼ਾਸਨ ਤੇ ਵਿਕਾਸਸ਼ੀਲ ਸੋਚ ਦੀ ਵੱਡੀ ਜਿੱਤ ਕਰਾਰ ਦਿੱਤਾ। ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਰਵਾਇਤੀ ਪਾਰਟੀਆਂ ਦੀ ਭ੍ਰਿਸ਼ਟ ਅਤੇ ਪਰਿਵਾਰਵਾਦੀ ਸਿਆਸਤ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ ਅਤੇ ਲੋਕ ਵਿਕਾਸ, ਪਾਰਦਰਸ਼ਤਾ ਅਤੇ ਇਮਾਨਦਾਰੀ ਦੀ ਰਾਜਨੀਤੀ ਨੂੰ ਸਮਰਥਨ ਦੇ ਰਹੇ ਹਨ। ਕੋਠਾਗੁਰੂ ਤੋਂ ਅੰਮਿਤਪਾਲ ਕੌਰ ਦਾ ਬਿਨਾਂ ਮੁਕਾਬਲਾ ਜੇਤੂ ਹੋਣਾ ਇਹ ਸਾਬਤ ਕਰਦਾ ਹੈ ਕਿ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਵਿਧਾਇਕ ਬਲਕਾਰ ਸਿੱਧੂ ਨੇ ਦਾਅਵਾ ਕੀਤਾ ਕਿ ਬਾਕੀ ਰਹਿੰਦੀਆਂ 5 ਨਗਰ ਪੰਚਾਇਤ ਚੋਣਾਂ ਵਿੱਚ ਵੀ ‘ਆਪ’ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਅਤੇ ਇਹ ਜਿੱਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਬੁਨਿਆਦ ਸਾਬਤ ਹੋਣਗੀਆਂ। ਇਸ ਸਮੇਂ ਇੰਦਰਜੀਤ ਸਿੰਘ ਮਾਨ ਚੇਅਰਮੈਨ ਮਾਕਰਫੈੱਡ ਪੰਜਾਬ ਨੇ ਅੰਮਿਤਪਾਲ ਕੌਰ ਨੂੰ ਵਧਾਈ ਦਿੰਦੇ ਕਿਹਾ ਕਿ ਇਹ ਜਿੱਤ ਆਪ ਲਈ ਸੁੱਭ ਸੰਕੇਤ ਹਨ। ਉਨ੍ਹਾਂ ਸੂਬੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਸਰਬਪੱਖੀ ਵਿਕਾਸ ਲਈ ਆਪ ਉਮੀਦਵਾਰਾਂ ਨੂੰ ਸਫਲ ਬਣਾਉਣ। ਇਸ ਮੌਕੇ ਜਤਿੰਦਰ ਸਿੰਘ ਭੱਲਾ ਜ਼ਿਲ੍ਹਾ ਪ੍ਰਧਾਨ ਆਪ ਬਠਿੰਡਾ ਨੇ ਵਾਰਡ ਨੰਬਰ ਪੰਜ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮਿਤਪਾਲ ਕੌਰ ਦੀ ਜਿੱਤ ਸਿਰਫ਼ ਇਕ ਉਮੀਦਵਾਰ ਦੀ ਜਿੱਤ ਨਹੀਂ, ਸਗੋਂ ਲੋਕਾਂ ਦੇ ਭਰੋਸੇ, ਪਾਰਟੀ ਦੀ ਨੀਅਤ ਅਤੇ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੀ ਜਿੱਤ ਹੈ। ਇਸ ਜਿੱਤ ਨਾਲ ਪਾਰਟੀ ਦੇ ਵਰਕਰਾਂ ਅਤੇ ਹੋਰ ਉਮੀਦਵਾਰਾਂ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਨਗਰ ਪੰਚਾਇਤਾਂ ਵਿਚ ਆਪ ਰਿਕਾਰਡ ਤੋੜ ਜਿੱਤ ਪ੍ਰਾਪਤ ਕਰੇਗੀ।