ਸੱਤਾਧਾਰੀ ਧਿਰ ’ਤੇ ਨਾਮਜ਼ਦਗੀ ਖੋਹਣ ਦਾ ਦੋਸ਼, ਵਿਰੋਧੀ ਪਾਰਟੀਆਂ ਨੇ ਧਰਨਾ ਲਗਾ ਕੇ ਕੀਤੀ ਨਾਆਰੇਬਾਜੀ

-ਰਾਮਾਂ ਮੰਡੀ ਤੇ ਸੰਗਤ ਮੰਡੀ ’ਚ ਮਾਹੌਲ ਬਣਿਆ ਹੋਇਆ ਤਣਾਅਪੂਰਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾ ਮੰਡੀ : 26 ਮਈ ਨੂੰ ਨਗਰ ਕੌਂਸਲ ਰਾਮਾ ਮੰਡੀ ਦੀ ਚੋਣ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਨਾਮਜਦਗੀਆਂ ਭਰਨ ਸਮੇਂ ਖੂਬ ਹੰਗਾਮਾ ਹੋਇਆ। ਵਿਰੋਧੀ ਪਾਰਟੀਆਂ ਨੇ ਸੱਤਾ ਧਿਰ ’ਤੇ ਧੱਕੇਸ਼ਾਹੀ ਕਰਨ ਅਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਖੋਹ ਕੇ ਪਾੜਨ ਦੇ ਦੋਸ਼ ਲਾਏ। ਸ੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਆਗੂਆਂ ਨੇ ਇਕੱਠੇ ਹੋ ਕੇ ਧੱਕੇਸ਼ਾਹੀ ਖਿਲਾਫ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਨਗਰ ਕੌਂਸਲ ਦਫਤਰ ਨੂੰ ਜਾਣ ਵਾਲੇ ਰਸਤੇ ਉੱਪਰ ਬੈਰੀਕੇਡਿੰਗ ਕਰਕੇ ਸਖਤ ਨਾਕਾਬੰਦੀ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਤਾਂ ਅੱਗੇ ਜਾਣ ਦੇ ਦਿੱਤਾ, ਪਰ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਉਥੇ ਹੀ ਰੋਕ ਲਿਆ। ਇਸ ਦੌਰਾਨ ਮੌਕੇ ’ਤੇ ਪੁੱਜੇ ਭਾਰਤੀ ਜਨਤਾ ਪਾਰਟੀ ਲੋਕ ਸਭਾ ਇੰਚਾਰਜ ਪਰਮਪਾਲ ਕੌਰ ਸਿੱਧੂ, ਭਾਜਪਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ, ਹਲਕਾ ਤਲਵੰਡੀ ਸਾਬੋ ਤੋਂ ਸ੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦੇ ਆਗੂ ਰਣਜੀਤ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਾਮਜ਼ਦਗੀ ਭਰਨ ਲਈ ਉਨ੍ਹਾਂ ਦੇ ਉਮੀਦਵਾਰਾਂ ਨੂੰ ਅੱਗੇ ਜਾਣ ਦੇਣ।
ਆਗੂਆਂ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਦੇ ਉਮੀਦਵਾਰ ਨਾਮਜਦਗੀ ਪੱਤਰ ਭਰਨ ਲਈ ਅੱਗੇ ਵੱਧ ਰਹੇ ਸਨ ਤਾਂ ਅੱਧੀ ਦਰਜਨ ਨੌਜਵਾਨਾਂ ਨੇ ਉਨ੍ਹਾਂ ਦੇ ਨਾਮਜਦਗੀ ਪੱਤਰ ਖੋਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਵਿਰੋਧੀ ਧਿਰ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਤਾਂ ਜੋ ਉਹ ਨਗਰ ਕੌਂਸਲ ਚੋਣਾਂ ਜਿੱਤ ਸਕਣ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵੀ ਪੁਲਿਸ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਨਹੀਂ ਭਰਨ ਦਿੱਤੇ ਸਨ, ਜਿਸ ਤੋਂ ਬਾਅਦ ਪਾਰਟੀ ਦੇ ਵੱਡੇ ਆਗੂ ਸ੍ਰੀ ਨਿਵਾਸਲੂ ਅਤੇ ਪਰਮਪਾਲ ਕੌਰ ਸਿੱਧੂ ਮੌਕੇ ’ਤੇ ਪੁੱਜੇ ਸਨ, ਜਿਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਕਾਫੀ ਬਹਿਸਬਾਜ਼ੀ ਵੀ ਹੋਈ ਸੀ। ਆਗੂਆਂ ਨੇ ਡੀਆਈਜੀ ਹਰਜੀਤ ਸਿੰਘ ਨੂੰ ਮੰਗ ਪੱਤਰ ਦੇ ਕੇ ਭਾਜਪਾ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰਵਾਉਣ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ, ਪਰ ਇਸ ਦੇ ਬਾਵਜੂਦ ਆਗੂਆਂ ਨੇ ਕਿਹਾ ਕਿ ਕੋਈ ਕਾਰਵਾਈ ਨਹੀਂ ਹੋਈ ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਨਹੀਂ ਭਰਨ ਦਿੱਤੀਆਂ ਗਈਆਂ। ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਨਾਮਜ਼ਦਗੀਆਂ ਖੋਹ ਕੇ ਭੱਜਣ ਵਾਲਿਆਂ ਵਿੱਚੋਂ ਦੋ ਨੂੰ ਲੋਕਾਂ ਨੇ ਦਬੋਚ ਲਿਆ ਸੀ, ਜਿਨ੍ਹਾਂ ਮੰਨਿਆ ਹੈ ਕਿ ਉਨ੍ਹਾਂ ਨੂੰ ਸੱਤਾ ਧਿਰ ਦੇ ਆਗੂਆਂ ਨੇ ਭੇਜਿਆ ਸੀ। ਇਸ ਤਰ੍ਹਾਂ ਸੰਗਤ ਮੰਡੀ ਨਗਰ ਕੌਂਸਲ ਵਿੱਚ ਵੀ ਅਕਾਲੀ ਦਲ ਸਮੇਤ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਧਿਰ ਉੱਪਰ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਇੱਥ ਵੀ ਆਪ ਦੀਆਂ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।