ਹੈਰੋਇਨ, ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲਾਂ ਸਮੇਤ 7 ਕਾਬੂ
ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਣੇ ਦੋ ਔਰਤਾਂ ਸਮੇਤ 7 ਕਾਬੂ
Publish Date: Sat, 16 May 2026 06:01 PM (IST)
Updated Date: Sun, 17 May 2026 04:07 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਵੱਖ-ਵੱਖ ਥਾਵਾਂ ਤੋਂ ਦੋ ਔਰਤਾਂ ਸਮੇਤ ਸੱਤ ਲੋਕਾਂ ਨੂੰ ਕਾਬੂ ਕੀਤਾ ਹੈ। ਕਥਿਤ ਦੋਸ਼ੀਆਂ ਕੋਲੋਂ ਹੈਰੋਇਨ, ਪਾਬੰਦੀਸ਼ੁਦਾ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਦੇ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨਗਰ ਵਾਸੀ ਸ਼ਿਵ ਮੰਗਲ ਨੂੰ ਡੱਬਵਾਲੀ ਰੋਡ ਨੇੜੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 150 ਪਾਬੰਦੀਸ਼ੁਦਾ ਕੈਪਸੂਲ ਮਿਲੇ, ਜਿਸ ਅਧਾਰ ’ਤੇ ਕਥਿਤ ਦੋਸ਼ੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਥਾਣਾ ਕੈਨਾਲ ਪੁਲਿਸ ਨੇ ਲਾਲ ਸਿੰਘ ਬਸਤੀ ਦੇ ਹਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਨੂੰ ਬਾਦਲ ਰੋਡ ਓਵਰਬ੍ਰਿਜ ਦੇ ਕੋਲੋਂ ਕਾਬੂ ਕਰਕੇ ਉਨ੍ਹਾਂ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਦਰ ਦੇ ਏਐਸਆਈ ਅਰਜਨ ਸਿੰਘ ਨੇ ਦੱਸਿਆ ਕਿ ਬੀੜ ਤਲਾਬ ਵਾਸੀ ਅਮ੍ਰਿਤਪਾਲ ਸਿੰਘ ਨੂੰ ਮਾਡਰਨ ਆਈਟੀਆਈ ਕੋਲ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਨੇਹੀਆਂਵਾਲਾ ਪੁਲਿਸ ਨੇ ਭੋਖੜਾ ਦੇ ਅਜੇ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਦਕਿ ਮਹਿਮਾ ਸਵਾਈ ਵਾਸੀ ਪ੍ਰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਕ ਹੋਰ ਮਾਮਲੇ ਸਬੰਧੀ ਥਾਣਾ ਨਥਾਣਾ ਦੇ ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੂਹਲਾ ਵਾਸੀ ਸੁਖਜੀਤ ਸਿੰਘ ਨੂੰ ਸ਼ੱਕ ਪੈਣ ’ਤੇ ਭੁੱਚੋ ਮੰਡੀ ਨੇੜੇ ਰੋਕਿਆ, ਤਲਾਸ਼ੀ ਦੌਰਾਨ ਉਸ ਕੋਲੋਂ 4.24 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਧਰ, ਰਾਮਪੁਰਾ ਪੁਲਿਸ ਨੇ ਖੁਸ਼ਪ੍ਰੀਤ ਕੌਰ ਕੋਲੋਂ 4.60 ਗ੍ਰਾਮ ਹੈਰੋਇਨ ਤੇ ਸੰਗਤ ਪੁਲਿਸ ਨੇ ਗਹਿਰੀ ਬੁੱਟਰ ਵਾਸੀ ਕਰਮਜੀਤ ਕੌਰ ਕੋਲੋਂ 50 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ। ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੇ ਮਾਮਲੇ ਵਿੱਚ ਕੋਟਫੱਤਾ ਪੁਲਿਸ ਨੇ ਗਹਿਰੀ ਦੇਵੀ ਨਗਰ ’ਚ ਛਾਪੇਮਾਰੀ ਕਰਕੇ ਇੱਕ ਔਰਤ ਨੂੰ 55 ਬੋਤਲ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿਚ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਵੇਚੀ ਜਾ ਰਹੀ ਹੈ। ਇਸ ਸਬੰਧੀ ਏਐਸਆਈ ਮੰਦਰ ਸਿੰਘ ਨੇ ਕਿਹਾ ਕਿ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਜਸਪ੍ਰੀਤ ਕੌਰ ਨੂੰ ਕਾਬੂ ਕਰਕੇ ਉਸ ਕੋਲੋਂ ਹਰਿਆਣੇ ਦੀ ਬਣੀ ਹੋਈ ਦੇਸੀ ਸ਼ਰਾਬ ਦੀਆਂ 55 ਬੋਤਲਾਂ ਬਰਾਮਦ ਕੀਤੀਆਂ ਗਈਆਂ। ਜਿਸ ਅਧਾਰ ਤੇ ਕਥਿਤ ਦੋਸ਼ਣ ਖਿਲਾਫ ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।