ਦੁਕਾਨਾਂ ’ਤੇ ਚੋਰਾਂ ਦਾ ਧਾਵਾ, ਦੁਕਾਨ ’ਚੋਂ ਲੈਪਟਾਪ ਤੇ ਨਕਦੀ ਚੋਰੀ
ਦੁਕਾਨਾਂ ’ਤੇ ਚੋਰਾਂ ਦਾ ਧਾਵਾ, ਦੁਕਾਨ ਵਿੱਚੋਂ ਲੈਪਟਾਪ, ਨਕਦੀ ਚੋਰੀ
Publish Date: Sat, 16 May 2026 05:57 PM (IST)
Updated Date: Sun, 17 May 2026 04:07 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਕਿਤੇ ਦੁਕਾਨ ਦਾ ਤਾਲਾ ਤੋੜ ਕੇ ਨਕਦੀ ਅਤੇ ਲੈਪਟਾਪ ਚੋਰੀ ਕੀਤਾ ਹੈ ਜਾਂ ਫਿਰ ਕਿਸੇ ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਕਰਿਆਨੇ ਦਾ ਸਮਾਨ ਚੋਰੀ ਕੀਤਾ ਹੈ। ਪੀੜਤ ਵਿਅਕਤੀਆਂ ਦੀ ਸ਼ਿਕਾਇਤ ਮਿਲਣ ’ਤੇ ਸਬੰਧਤ ਥਾਣਿਆਂ ਦੀ ਪੁਲਿਸ ਨੇ ਕਥਿਤ ਚੋਰਾਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਹਰ ਰੋਜ਼ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਤੇ ਪਿੰਡ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਚੋਰਾਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਉਹ ਮੰਡੀਆਂ ਵਿੱਚੋਂ ਵੀ ਕਣਕ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਭਾਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ। ਪਰ ਹਰ ਰੋਜ਼ ਹੋ ਰਹੀਆਂ ਚੋਰੀ ਦੀਆਂ ਇਹ ਵਾਰਦਾਤਾਂ ਪੁਲਿਸ ਦੇ ਦਾਵਿਆਂ ਤੇ ਸਵਾਲ ਖੜੇ ਕਰਦੀਆਂ ਹਨ। ਪਹਿਲੇ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੇ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਸ਼ਕਤੀ ਨਗਰ ਵਾਸੀ ਬਨਿਸ਼ ਤਾਇਲ ਦੀ ਦੁਕਾਨ ਵਿੱਚ 13 ਅਤੇ 14 ਮਈ ਦੀ ਦਰਮਿਆਨੀ ਰਾਤ ਦੋ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਉਕਤ ਵਾਰਦਾਤ ਨੂੰ ਲਖਵਿੰਦਰ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਸਿਕੰਦਰ ਸਿੰਘ ਵਾਸੀ ਗੁਰੂ ਹਰ ਸਾਏ ਜ਼ਿਲਾ ਫਿਰੋਜ਼ਪੁਰ ਨੇ ਅੰਜਾਮ ਦਿੱਤਾ ਹੈ। ਕਥਿਤ ਦੋਸ਼ੀਆਂ ਨੇ ਦੁਕਾਨ ਵਿੱਚ ਸੇਧਮਾਰੀ ਕਰਕੇ 2 ਲੱਖ ਰੁਪਏ ਦੀ ਨਕਦੀ ਤੇ ਇੱਕ ਲੈਪਟਾਪ ਚੋਰੀ ਕਰ ਲਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਇਸੇ ਤਰ੍ਹਾਂ ਥਰਮਲ ਪੁਲਿਸ ਕੋਲ ਫੇਜ਼-4 ਸ਼ਕਤੀ ਵਿਹਾਰ ਵਾਸੀ ਪ੍ਰਭਾਵਤੀ ਨੇ ਸ਼ਿਕਾਇਤ ਦਿੱਤੀ ਕਿ 11 ਤੇ 12 ਮਈ ਦੀ ਰਾਤ ਉਸਦੀ ਕਰਿਆਨੇ ਦੀ ਦੁਕਾਨ ਵਿੱਚੋਂ ਕਰੀਬ 35 ਹਜ਼ਾਰ ਰੁਪਏ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਅਧਾਰ ਤੇ ਪੁਲਿਸ ਨੇ ਨਿਤੀਸ਼ ਵਾਸੀ ਬੱਲਾ ਰਾਮ ਨਗਰ ਅਤੇ ਕਲਪੱਟਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।