ਪਤਨੀ ਤੋਂ ਦੁਖੀ ਹੋ ਕੇ ਨੌਜਵਾਨ ਨੇ ਲਿਆ ਫਾਹਾ
ਪਤਨੀ ਤੋਂ ਦੁਖੀ ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
Publish Date: Sat, 16 May 2026 05:34 PM (IST)
Updated Date: Sun, 17 May 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਪਿੰਡ ਪੂਹਲਾ ਵਿੱਚ ਇਕ ਨੌਜਵਾਨ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਥਾਣਾ ਪੁਲਿਸ ਨੇ ਉਸਦੀ ਪਤਨੀ ਤੇ ਉਸ ਦੇ ਕਥਿਤ ਪ੍ਰੇਮੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕਾਰਵਾਈ ਦੌਰਾਨ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਵਾਈ ਮ੍ਰਿਤਕ ਨੌਜਵਾਨ ਦੀ ਮਾਂ ਦੀ ਸ਼ਿਕਾਇਤ ’ਤੇ ਅਮਲ ’ਚ ਲਿਆਂਦੀ ਹੈ ਪੀੜਤ ਔਰਤ ਨੇ ਦੋਸ਼ ਲਾਇਆ ਕਿ ਉਸਦੀ ਨੂੰਹ ਤੇ ਉਸ ਦਾ ਕਥਿਤ ਪ੍ਰੇਮੀ ਉਸਦੇ ਪੁੱਤਰ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ, ਜਿਸ ਤੋਂ ਦੁਖੀ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਸਬੰਧੀ ਜਸਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਦਾ ਪੁੱਤਰ ਮੱਦੂ ਸਿੰਘ ਮਜ਼ਦੂਰੀ ਕਰਦਾ ਸੀ। ਉਸਦਾ ਵਿਆਹ ਰਿੰਪੀ ਕੌਰ ਨਾਲ ਹੋਇਆ ਸੀ, ਪਰ ਪਿਛਲੇ ਕਰੀਬ ਦੋ ਸਾਲਾਂ ਤੋਂ ਰਿੰਪੀ ਕੌਰ ਦੀ ਨਥਾਣਾ ਦੇ ਅਮਰੀਕ ਸਿੰਘ ਨਾਲ ਗੱਲਬਾਤ ਸੀ। ਇਸ ਕਾਰਨ ਮੱਦੂ ਸਿੰਘ ਮਾਨਸਿਕ ਤਣਾਅ ’ਚ ਰਹਿੰਦਾ ਸੀ। ਪਰਿਵਾਰ ਮੁਤਾਬਕ ਇਸੇ ਪਰੇਸ਼ਾਨੀ ਕਾਰਨ ਉਸਨੇ ਫਾਹਾ ਲਾ ਕੇ ਜਾਨ ਦੇ ਦਿੱਤੀ। ਥਾਣਾ ਨਥਾਣਾ ਦੇ ਅਧਿਕਾਰੀ ਸ਼ੇਰ ਸਿੰਘ ਨੇ ਦੱਸਿਆ ਕਿ ਧਰਮਜੀਤ ਕੌਰ ਅਤੇ ਅਮਰੀਕ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਧਰਮਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਅਮਰੀਕ ਸਿੰਘ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।