ਡਰੇਨ ਨੇੜੇ ਰੁੱਖ ਨਾਲ ਲਟਕਦੀ ਗਲੀ-ਸੜੀ ਲਾਸ਼ ਮਿਲੀ
ਕੋਟਭਾਰਾ ਡਰੇਨ ਨੇੜੇ ਦਰੱਖਤ ਨਾਲ ਲਟਕਦੀ ਗਲੀ-ਸੜੀ ਲਾਸ਼ ਮਿਲੀ
Publish Date: Sat, 16 May 2026 05:28 PM (IST)
Updated Date: Sun, 17 May 2026 04:04 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਸਥਾਨਕ ਥਾਣੇ ਦੇ ਪਿੰਡ ਕੋਟਭਾਰਾ ਨੇੜੇ ਡਰੇਨ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਲਾਸ਼ ਰੁੱਖ ਨਾਲ ਲਟਕਦੀ ਹਾਲਤ ’ਚ ਮਿਲੀ, ਜੋ ਮੁੱਢਲੇ ਤੌਰ ’ਤੇ ਕਰੀਬ 8 ਤੋਂ 10 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਪੁਲਿਸ ਥਾਣਾ ਕੋਟਫੱਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਗਸ਼ਤ ਦੌਰਾਨ ਸਹਾਇਕ ਥਾਣੇਦਾਰ ਗਮਦੂਰ ਸਿੰਘ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਕੋਟ ਫੱਤਾ ਡਰੇਨ ਨੇੜੇ ਇਕ ਵਿਅਕਤੀ ਰੁੱਖ ਨਾਲ ਫਾਹਾ ਲਗਾ ਕੇ ਲਟਕ ਰਿਹਾ ਹੈ। ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਮੌਕੇ ‘ਤੇ ਦੇਖਣ ਤੋਂ ਪਤਾ ਲੱਗਾ ਕਿ ਲਾਸ਼ ਕਾਫੀ ਪੁਰਾਣੀ ਹੋ ਚੁੱਕੀ ਸੀ। ਲਗਾਤਾਰ ਲਟਕਣ ਕਾਰਨ ਸਰੀਰ ਫੁੱਲਿਆ ਹੋਇਆ ਸੀ ਤੇ ਉਸ ਵਿੱਚੋਂ ਤਰਲ ਪਦਾਰਥ ਵੀ ਰਿਸ ਰਿਹਾ ਸੀ। ਪੁਲਿਸ ਵੱਲੋਂ ਨੌਜਵਾਨ ਵੈੱਲਫੇਅਰ ਸੁਸਾਇਟੀ ਬਠਿੰਡਾ ਦੀ ਮਦਦ ਨਾਲ ਲਾਸ਼ ਨੂੰ ਰੁੱਖ ਤੋਂ ਹੇਠਾਂ ਉਤਾਰਿਆ ਗਿਆ। ਜਾਂਚ ਦੌਰਾਨ ਮ੍ਰਿਤਕ ਦੇ ਸਰੀਰ ‘ਤੇ ਚਿੱਟੇ ਰੰਗ ਦੀ ਕਮੀਜ਼, ਗਰੇਅ ਰੰਗ ਦੀ ਪੈਂਟ, ਖਾਕੀ ਰੰਗ ਦੀ ਬੈਲਟ ਅਤੇ ਪੈਰਾਂ ਵਿੱਚ ਖਾਕੀ ਰੰਗ ਦੇ ਸਲੀਪਰ ਪਾਏ ਹੋਏ ਮਿਲੇ। ਪੈਂਟ ਦੀ ਸੱਜੀ ਜੇਬ ਵਿੱਚ ਸੰਤਰੀ ਰੰਗ ਦੀ ਡੱਬੀ ਵਿੱਚ ਹੈੱਡਫੋਨ ਵੀ ਬਰਾਮਦ ਹੋਏ ਹਨ। ਹਾਲਾਂਕਿ ਮੌਕੇ ਤੋਂ ਕੋਈ ਮੋਬਾਇਲ ਫੋਨ ਜਾਂ ਪਛਾਣ ਪੱਤਰ ਨਹੀਂ ਮਿਲਿਆ, ਜਿਸ ਕਾਰਨ ਮ੍ਰਿਤਕ ਦੀ ਸਨਾਖਤ ਨਹੀਂ ਹੋ ਸਕੀ। ਪੁਲਿਸ ਅਨੁਸਾਰ ਮ੍ਰਿਤਕ ਦੀ ਉਮਰ ਕਰੀਬ 30 ਤੋਂ 35 ਸਾਲ ਦੇ ਵਿਚਕਾਰ ਜਾਪਦੀ ਹੈ। ਲਾਸ਼ ਦਾ ਚਿਹਰਾ ਤੇ ਸਰੀਰ ਬੁਰੀ ਤਰ੍ਹਾਂ ਫੁੱਲ ਕੇ ਕਾਲਾ ਪੈ ਚੁੱਕਾ ਸੀ। ਇਸ ਸਬੰਧੀ ਥਾਣਾ ਕੋਟਫੱਤਾ ਵਿੱਚ ਰਪਟ ਨੰਬਰ 32 ਮਿਤੀ 14-05-2026 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਸਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਬਠਿੰਡਾ ਦੀ ਮੋਰਚਰੀ ਵਿੱਚ ਰੱਖਿਆ ਹੈ ਤਾਂ ਜੋ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਜਾਂ ਜਾਣਕਾਰਾਂ ਦੀ ਪਛਾਣ ਹੋ ਸਕੇ।