ਮੰਗਾਂ ਹੱਲ ਨਾ ਹੋਣ ਕਰਕੇ ਕਾਲੇ ਬਿੱਲੇ ਲਾ ਕੇ ਕਿਸਾਨ ਕੀਤੇ ਜਾਗਰੂਕ
ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਕਾਲੇ ਬਿੱਲੇ ਲਾ ਕੇ ਕਿਸਾਨ ਸਿਖਲਾਈ ਕੈਂਪ ਲਗਾਇਆ
Publish Date: Sat, 16 May 2026 05:22 PM (IST)
Updated Date: Sun, 17 May 2026 04:04 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਅੱਜ ਪਿੰਡ ਗਿਆਨਾ ਬਲਾਕ ਤਲਵੰਡੀ ਸਾਬੋ ਵਿਖੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਖੇਤੀਬਾੜੀ ਵਿਕਾਸ ਅਫ਼ਸਰਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਜਿਵੇ ਵਿਭਾਗੀ ਤਰੱਕੀ, ਪੇ ਪੈਰਿਟੀ ਤੇ ਨਵੀਂ ਭਰਤੀਆਂ ਨਾ ਕਰਨ ਕਰਕੇ ਸਰਕਾਰ ਵਿਰੁੱਧ ਰੋਸ ਵਜੋਂ ਕਾਲੇ ਬਿੱਲੇ ਲਾ ਕੇ ਰੱਖੇ ਗਏ। ਕੈਂਪ ਦੀ ਸ਼ੁਰੂਆਤ ਕਰਦਿਆਂ ਡਾ. ਸਿਮਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਲਕਾਣਾ ਵੱਲੋਂ ਆਏ ਹੋਏ ਸਮੂਹ ਕਿਸਾਨਾਂ ਨੂੰ ਜੀ ਆਇਆਂ ਆਖਿਆ ਤੇ ਕੈਂਪ ਦੇ ਮੁੱਖ ਮੰਤਵ ਤੋਂ ਜਾਣੂ ਕਰਵਾਇਆ। ਉਨ੍ਹਾਂ ਵੱਲੋ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਿੱਟੀ ਅਤੇ ਪਾਣੀ ਦੀ ਸਿਹਤ ਅਤੇ ਪਰਖ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਉਪਰੰਤ ਡਾ. ਗੁਰਕੰਵਲ ਸਿੰਘ ਖੇਤੀਬਾੜੀ ਵਿਕਾਸ ਅਫਸਰ ( ਪੀਪੀ) ਨੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਣਕ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ। ਇਸ ਉਪਰੰਤ ਕਿਸਾਨਾਂ ਨਾਲ ਨਰਮੇ ਦੀ ਫਸਲ ਸਬੰਧੀ ਢੁੱਕਵੀਂ ਜਾਣਕਾਰੀ ਸਾਂਝੀ ਕਰਦਿਆਂ ਕੀੜੇ-ਮਕੌੜੇ ਤੇ ਉਹਨਾਂ ਦੇ ਸਰਵੇਖਣ ਸਬੰਧੀ ਅਤੇ ਬੀਜ ਦੀ ਸਬਸਿਡੀ ਅਪਲਾਈ ਕਰਨ ਬਾਰੇ ਤਕਨੀਕੀ ਦਿੱਤੀ। ਇਸ ਉਪਰੰਤ ਡਾ. ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਜਕ) ਵੱਲੋਂ ਝੋਨੇ ਦੀ ਫਸਲ ਸਿੱਧੀ ਬਿਜਾਈ ਸਬੰਧੀ ਤੇ ਝੋਨੇ ਦੀ ਫਸਲ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਕਿਸਾਨਾਂ ਨਾਲ ਝੋਨੇ ਦੀ ਪਨੀਰੀ ਬੀਜਣ ਦੀ ਪ੍ਰਕਿਰਿਆ ਸਬੰਧੀ ਵਿਸ਼ੇਸ਼ ਤੌਰ ’ਤੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵੱਲੋ ਕਿਸਾਨਾਂ ਨੂੰ ਪਕਾਵੀਂ ਮੱਕੀ ਦੀ ਕਾਸ਼ਤ ਲਈ ਪ੍ਰੇਰਿਤ ਕਰਦਿਆਂ ਸਚੁੱਜੇ ਫਸਲ ਪ੍ਰਬੰਧਨ ਲਈ ਅਹਿਮ ਨੁਕਤੇ ਸਾਝੇ ਕੀਤੇ ਤੇ ਕਿਸਾਨਾਂ ਨੂੰ ਫਾਰਮਰ ਆਈਡੀ ਬਣਾਉਣ ਲਈ ਅਪੀਲ ਕੀਤੀ। ਇਸ ਉਪਰੰਤ ਕੈਪ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਖੇਤੀ ਮਾਹਿਰਾਂ ਵੱਲੋਂ ਢੁੱਕਵੇਂ ਜਵਾਬ ਦਿੱਤੇ ਗਏ। ਇਸ ਮੌਕੇ ਈਸਰ ਸਿੰਘ ਬੇਲਦਾਰ ਨੇ ਕੈਪ ਨੂੰ ਸੰਪੂਰਨ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਵਿੱਚ ਇਸ ਕੈਂਪ ਦੌਰਾਨ ਸਮੂਲੀਅਤ ਕਰਨ ਵਾਲੇ ਸਮੂਹ ਕਿਸਾਨ ਭਰਾਵਾਂ ਦਾ ਧੰਨਵਾਦ ਕੀਤਾ।