ਜ਼ਖ਼ਮੀ ਹੋਏ ਅਕਾਲੀ ਆਗੂ ਨਿਰਮਲ ਸਿੰਘ ਟੀਟੂ ਦੀ ਮੌਤ
ਜਖਮੀ ਹੋਏ ਅਕਾਲੀ ਆਗੂ ਨਿਰਮਲ ਸਿੰਘ ਟੀਟੂ ਦੀ ਮੌਤ
Publish Date: Sat, 16 May 2026 05:12 PM (IST)
Updated Date: Sun, 17 May 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੰਗਤ ਮੰਡੀ : ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਸੈਣੇਵਾਲਾ ਵਿੱਚ ਪੁਲਿਸ ਦੀ ਮੌਜੂਦਗੀ ਦੌਰਾਨ ਹੋਈ ਗੋਲੀਬਾਰੀ ਵਿੱਚ ਪਿੰਡ ਦੇ ਪ੍ਰਮੁੱਖ ਅਕਾਲੀ ਆਗੂ ਨਿਰਮਲ ਸਿੰਘ ਉਰਫ਼ ਟੀਟੂ ਗੰਭੀਰ ਤੌਰ ਜ਼ਖਮੀ ਹੋ ਸਨ, ਜਿਸਦੀ ਇਲਾਜ ਦੌਰਾਨ ਸ਼ਨਿੱਚਰਵਾਰ ਨੂੰ ਮੌਤ ਹੋ ਗਈ। ਉਸਦਾ ਪਿਛਲੇ 17 ਦਿਨ ਤੋਂ ਇਲਾਜ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਸੈਣੇਵਾਲਾ ਵਾਸੀ ਨਿਰਮਲ ਸਿੰਘ ਉਰਫ਼ ਟੀਟੂ ਦਾ ਆਪਣੇ ਨੇੜਲੇ ਰਿਸ਼ਤੇਦਾਰ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਸੀ, ਜਿਸ ਕਾਰਨ 30 ਅਪ੍ਰੈਲ ਨੂੰ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਦੀ ਪੁਲਿਸ ਪਾਰਟੀ ਕੁੱਝ ਸਿਵਲ ਵਰਦੀਧਾਰੀ ਵਿਅਕਤੀਆਂ ਸਮੇਤ ਉਨ੍ਹਾਂ ਦੇ ਘਰ ਪਹੁੰਚੀ, ਜਿੱਥੇ ਨਿਰਮਲ ਸਿੰਘ ਟੀਟੂ ਆਪਣੇ ਖੇਤ ਵਿੱਚ ਟਰੈਕਟਰ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਆਪਸੀ ਤਕਰਾਰ ਦੌਰਾਨ ਚੱਲੀ ਗੋਲੀ ਨਿਰਮਲ ਸਿੰਘ ਦੇ ਢਿੱਡ ਵਿੱਚ ਵੱਜ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਸੀ। ਮ੍ਰਿਤਕ ਦੇ ਪੁੱਤਰ ਗੋਪੀ ਨੇ ਦੱਸਿਆ ਕਿ ਇੰਸਪੈਕਟਰ ਤੇ ਇਕ ਵਿਅਕਤੀ ਨੇ ਸਿਆਸੀ ਪ੍ਰਭਾਵ ਹੇਠ ਉਸਦੇ ਪਿਤਾ ਨਿਰਮਲ ਸਿੰਘ ਵਿਰੁੱਧ ਕੋਟਕਪੂਰਾ ਸਿਟੀ ਪੁਲਿਸ ਸਟੇਸ਼ਨ ਵਿੱਚ ਇਕ ਝੂਠਾ ਕੇਸ ਦਰਜ ਕਰਵਾਇਆ ਸੀ। ਉਸ ਨੇ ਦੱਸਿਆ ਕਿ 30 ਅਪ੍ਰੈਲ ਨੂੰ ਸਵੇਰੇ ਉਸਦੇ ਪਿਤਾ ਦੀ ਭੂਆ ਦਾ ਪੁੱਤਰ ਤੇ ਹੋਰ ਲੋਕ ਫਰੀਦਕੋਟ ਪੁਲਿਸ ਟੀਮ ਦੇ ਨਾਲ ਗੱਡੀਆਂ ਵਿਚ ਸਵਾਰ ਹੋ ਕੇ ਆਏ ਸਨ। ਜਦੋਂ ਉਸਨੇ ਦੇਖਿਆ ਕਿ ਉਕਤ ਲੋਕ ਹਥਿਆਰਾਂ ਨਾਲ ਲੈਸ ਹਨ ਤਾਂ ਉਸਨੇ ਤੁਰੰਤ 112 ਨੂੰ ਫੋਨ ਕੀਤਾ, ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਉਸਦੇ ਪਿਤਾ ਦੀ ਮੌਤ ਹੋ ਗਈ ਹੈ। ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।