ਨਸ਼ੀਲੇ ਪਦਾਰਥਾਂ ਸਮੇਤ 15 ਵਿਅਕਤੀ ਗ੍ਰਿਫਤਾਰ, ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ।

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 15 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਹੈਰੋਇਨ ਤੇ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਕਥਿਤ ਦੋਸ਼ੀਆਂ ਖਿਲਾਫ਼ ਸਬੰਧਿਤ ਥਾਣਿਆਂ ’ਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਆਈਏ ਸਟਾਫ਼-1 ਨੇ ਕਾਰ ਸਵਾਰ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਸਬ-ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਲੰਘੀ 14 ਮਈ ਨੂੰ ਰਿੰਗ ਰੋਡ ਸਰਹਿੰਦ ਨਹਿਰ ਕੋਲੋਂ ਇਕ ਸਵਿਫਟ ਡਿਜ਼ਾਇਰ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰ ਤੇਜਿੰਦਰ ਸਿੰਘ ਵਾਸੀ ਬਚਨ ਕਾਲੋਨੀ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਆਧਾਰ ’ਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਥਾਣਾ ਕੈਨਾਲ ਕਾਲੋਨੀ ਵਿਖੇ ਕੇਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸਹਾਇਕ ਥਾਣੇਦਾਰ ਕੁਲਦੀਪ ਸਿੰਘ ਅਨੁਸਾਰ ਪਿੰਡ ਕੋਠਾ ਗੁਰੂ ਵਿਖੇ ਕੀਤੀ ਜਾ ਰਹੀ ਗਸ਼ਤ ਦੌਰਾਨ ਅਵਤਾਰ ਸਿੰਘ ਵਾਸੀ ਮਲੂਕਾ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 210 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਕੈਨਾਲ ਕਲੋਨੀ ਦੇ ਹੌਲਦਾਰ ਹਰਜਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਨਰੂਆਣਾ ਰੋਡ ਅੰਡਰ ਬ੍ਰਿਜ ਕੋਲੋਂ ਉਕਾਰ ਸਿੰਘ ਵਾਸੀ ਗੁਰੂ ਨਾਨਕਪੁਰਾ ਅਤੇ ਨੰਦਨ ਸਿੰਘ ਵਾਸੀ ਏਕਤਾ ਕਲੋਨੀ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਭਾਗੂ ਰੋਡ ਤੋਂ ਬੱਬਲੂ ਤੇ ਵਿਕਾਸ ਕੁਮਾਰ ਵਾਸੀ ਬੇਅੰਤ ਸਿੰਘ ਨਗਰ ਨੂੰ 13 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਅਨੁਸਾਰ ਕਥਿਤ ਦੋਸ਼ੀਆਂ ਖਿਲਾਫ਼ ਨਸ਼ਾ ਰੋਕੂ ਐਕਟ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਕ ਹੋਰ ਮਾਮਲੇ ਵਿੱਚ ਥਾਣਾ ਕੋਤਵਾਲੀ ਦੇ ਸਬ-ਇੰਸਪੈਕਟਰ ਜਸਕਰਨ ਨੇ ਬੱਸ ਸਟੈਂਡ ਕੋਲੋਂ ਵਿਕਰਮ ਸਿੰਘ ਵਾਸੀ ਪੂਜਾ ਵਾਲਾ ਮੁਹੱਲਾ ਨੂੰ 10 ਗ੍ਰਾਮ ਹੈਰੋਇਨ ਸਣੇ ਫੜਿਆ ਹੈ। ਥਾਣਾ ਥਰਮਲ ਦੀ ਪੁਲਿਸ ਨੇ ਲਾਲ ਕੁਆਰਟਰਾਂ ਕੋਲੋਂ ਮਨਪ੍ਰੀਤ ਸਿੰਘ ਵਾਸੀ ਕੋਠੇ ਅਮਰਪੁਰਾ ਨੂੰ 2.60 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਥਾਣਾ ਮੌੜ ਦੀ ਪੁਲਿਸ ਨੇ ਮੌੜ ਖੁਰਦ ਤੋਂ ਹਰਕੀਰਤ ਸਿੰਘ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਕ ਹੋਰ ਮਾਮਲੇ ਵਿਚ ਥਾਣਾ ਫੂਲ ਦੀ ਪੁਲਿਸ ਨੇ ਪਿੰਡ ਭਾਈਰੂਪਾ ਤੋਂ ਰਾਜਵਿੰਦਰ ਸਿੰਘ ਨੂੰ 2 ਗ੍ਰਾਮ ਹੈਰੋਇਨ ਅਤੇ ਸਦਰ ਰਾਮਪੁਰਾ ਪੁਲਿਸ ਨੇ ਪਿੰਡ ਚਾਉਕੇ ਦੇ ਕੁਲਵਿੰਦਰ ਸਿੰਘ ਨੂੰ 2 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਥਾਣਾ ਸਿਟੀ ਰਾਮਪੁਰਾ ਦੇ ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਨੇ ਪਿੰਡ ਰਾਮਪੁਰਾ ਕੋਲੋਂ ਵਿੱਕੀ ਸਿੰਘ ਵਾਸੀ ਲਹਿਰਾ ਮਹੱਬਤ ਨੂੰ 900 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਘੁੱਦਾ ਕੋਲੋਂ ਦਵਿੰਦਰ ਸਿੰਘ ਵਾਸੀ ਖਿਆਲੀਵਾਲਾ ਨੂੰ 44 ਪਾਬੰਦੀਸ਼ੁਦਾ ਗੋਲੀਆਂ ਤੇ ਥਾਣਾ ਰਾਮਾ ਦੀ ਪੁਲਿਸ ਨੇ ਰਾਮਾ ਮੰਡੀ ਤੋਂ ਸੰਦੀਪ ਸਿੰਘ ਨੂੰ 12 ਪਾਬੰਦੀਸ਼ੁਦਾ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਸਦਰ ਰਾਮਪੁਰਾ ਪੁਲਿਸ ਨੇ ਪਿੰਡ ਕਰਾੜਵਾਲਾ ਦੇ ਗੋਰਾ ਸਿੰਘ ਨੂੰ 5 ਲੀਟਰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ।ਇਸ ਤੋਂ ਇਲਾਵਾ ਸਦਰ ਰਾਮਪੁਰਾ ਪੁਲਿਸ ਨੇ ਪਿੰਡ ਕਰਾੜਵਾਲਾ ਦੇ ਗੋਰਾ ਸਿੰਘ ਨੂੰ 5 ਲੀਟਰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ।