ਗੁਰਵਿੰਦਰ ਸ਼ਰਮਾ ਮਾਮਲੇ 'ਚ ਨਵਾਂ ਮੋੜ; ਹਲਫ਼ਨਾਮੇ ਰਾਹੀਂ ਪੁਲਿਸ ਦੇ ਦਾਅਵਿਆਂ 'ਤੇ ਉੱਠਾਏ ਸਵਾਲ, ਸਮਾਜ ਸੇਵੀ ਸੰਸਥਾਵਾਂ ਵੱਲੋਂ ਸੰਘਰਸ਼ ਦੀ ਚਿਤਾਵਨੀ।

ਗੁਰਤੇਜ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸੜਕਾਂ ਕੰਢੇ ਲੱਗੀਆਂ ਰੇਹੜੀਆਂ ਹਟਵਾਉਣ ਵਾਲੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਅਤੇ ਉਸ ਦੇ ਸਾਥੀ ਦਲਵੀਰ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਠਿੰਡਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਿਚ ਰੋਸ ਵਧਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਉਸ ਸਮੇਂ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਜਦੋਂ ਐਫਆਈਆਰ. ਦਰਜ ਕਰਵਾਉਣ ਵਾਲੇ ਪ੍ਰਵਾਸੀ ਮਜ਼ਦੂਰ ਵਿਨੈ ਯਾਦਵ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਲਾਸੇ ਕਰਦਿਆਂ ਪੁਲਿਸ ਦੇ ਦਾਅਵਿਆਂ ਨੂੰ ਨਕਾਰ ਦਿੱਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਿਸੇ ਵੀ ਵਿਅਕਤੀ ਦੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਦਿੱਤੀ ਅਤੇ ਨਾ ਹੀ ਕੋਈ ਕੇਸ ਦਰਜ ਕਰਵਾਇਆ ਹੈ। ਰੇਹੜੀ ਸੰਚਾਲਕ ਨੇ ਦੋਸ਼ ਲਾਇਆ ਕਿ ਇੱਕ ਠੇਕੇਦਾਰ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਸੀ ਕਿ ਰੇਹੜੀਆਂ ਦੇ ਨੰਬਰ ਲਗਾਉਣ ਸਬੰਧੀ ਕਾਗ਼ਜ਼ੀ ਕਾਰਵਾਈ ਕਰਨੀ ਹੈ। ਉਸ ਨੇ ਦੱਸਿਆ ਕਿ ਦਸਤਾਵੇਜ਼ ਪੰਜਾਬੀ ਭਾਸ਼ਾ ਵਿੱਚ ਲਿਖੇ ਹੋਏ ਸਨ, ਜਿਨ੍ਹਾਂ ਨੂੰ ਉਹ ਸਮਝ ਨਹੀਂ ਸਕਿਆ ਅਤੇ ਭਰੋਸੇ ਵਿੱਚ ਲੈ ਕੇ ਉਸ ਤੋਂ ਦਸਤਖ਼ਤ ਕਰਵਾ ਲਏ ਗਏ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਮ 'ਤੇ ਪੁਲਿਸ ਨੇ ਕੁੱਝ ਸਮਾਜ ਸੇਵੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਵਪਾਰਕ ਸੰਸਥਾਵਾਂ ਵੱਲੋਂ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਇਸ ਬੈਠਕ ਵਿੱਚ ਨਿਹੰਗ ਜਥੇਬੰਦੀਆਂ, ਵਪਾਰ ਮੰਡਲ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਬੁਲਾਰਿਆਂ ਨੇ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਗੁਰਵਿੰਦਰ ਸ਼ਰਮਾ ਨੂੰ ਇਕ ਡੂੰਘੀ ਸਾਜ਼ਿਸ਼ ਤਹਿਤ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਜਥੇਬੰਦੀਆਂ ਨੇ ਸਾਫ਼ ਕਿਹਾ ਕਿ ਜੇਕਰ ਪੁਲਿਸ ਨੇ ਨਿਰਪੱਖ ਜਾਂਚ ਨਾ ਕੀਤੀ ਤਾਂ ਸ਼ਹਿਰ ਵਿੱਚ ਅੰਦੋਲਨ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਸੰਦੀਪ ਪਾਠਕ ਅਤੇ ਸੋਨੂ ਮਹੇਸ਼ਵਰੀ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ ਸੇਵੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵੱਖ-ਵੱਖ ਸੰਸਥਾਵਾਂ ਨੇ ਪੁਲਿਸ ਪ੍ਰਸ਼ਾਸਨ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦਿਆਂ ਮੰਗ ਕੀਤੀ ਹੈ ਕਿ ਦਰਜ ਮਾਮਲਾ ਤੁਰੰਤ ਰੱਦ ਕੀਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਵਾਪਸ ਨਾ ਲਈ ਗਈ ਤਾਂ ਐਤਵਾਰ ਨੂੰ ਵੱਡੀ ਹੰਗਾਮੀ ਮੀਟਿੰਗ ਬੁਲਾਈ ਜਾਵੇਗੀ, ਜਿਸ ਤੋਂ ਬਾਅਦ ਵਪਾਰੀ ਸੰਗਠਨ, ਨਿਹੰਗ ਜਥੇਬੰਦੀਆਂ ਅਤੇ ਹੋਰ ਸਮਾਜਿਕ ਸੰਸਥਾਵਾਂ ਸੜਕਾਂ 'ਤੇ ਉਤਰ ਕੇ ਧਰਨਾ ਪ੍ਰਦਰਸ਼ਨ ਕਰਨਗੀਆਂ।
ਦੂਜੇ ਪਾਸੇ ਵਿਨੈ ਯਾਦਵ, ਸਤਿੰਦਰ ਰਵਿਦਾਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਮੀਡੀਆ ਅੱਗੇ ਆ ਕੇ ਕਿਹਾ ਕਿ ਉਨ੍ਹਾਂ 'ਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ ਹੈ। ਉਨ੍ਹਾਂ ਦੱਸਿਆ ਕਿ ਖ਼ਬਰਾਂ ਦੇਖਣ ਤੋਂ ਬਾਅਦ ਉਹ ਖ਼ੁਦ ਸਾਹਮਣੇ ਆਏ ਹਨ ਕਿਉਂਕਿ ਉਨ੍ਹਾਂ ਦੇ ਨਾਮ 'ਤੇ ਦਰਜ ਕੇਸ ਸਰਾਸਰ ਝੂਠਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਪੂਰੇ ਮਾਮਲੇ ਵਿੱਚ ਸਬਜ਼ੀ ਮੰਡੀ ਦੇ ਇਕ ਵੱਡੇ ਠੇਕੇਦਾਰ ਦਾ ਹੱਥ ਹੈ। ਉਨ੍ਹਾਂ ਅਨੁਸਾਰ ਬਿਨਾਂ ਜਾਣਕਾਰੀ ਦਿੱਤੇ ਕਾਗ਼ਜ਼ਾਂ 'ਤੇ ਦਸਤਖ਼ਤ ਕਰਵਾ ਕੇ ਉਨ੍ਹਾਂ ਦੀ ਗਲਤ ਵਰਤੋਂ ਕੀਤੀ ਗਈ ਹੈ।
ਇਸੇ ਦੌਰਾਨ ਰੇਹੜੀ-ਫੜੀ ਚਾਲਕਾਂ ਨੇ ਵੀ ਰੋਜ਼ ਗਾਰਡਨ ਨੇੜੇ ਇਕੱਠੇ ਹੋ ਕੇ ਆਪਣਾ ਪੱਖ ਰੱਖਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕੀ ਜਗ੍ਹਾ ਦਿੱਤੀ ਜਾਵੇ ਤਾਂ ਜੋ ਰੋਜ਼ੀ-ਰੋਟੀ ਪ੍ਰਭਾਵਿਤ ਨਾ ਹੋਵੇ। ਰੇਹੜੀ ਚਾਲਕਾਂ ਨੇ ਅਪੀਲ ਕੀਤੀ ਕਿ ਸੜਕ ਕਿਨਾਰੇ ਰੇਹੜੀਆਂ ਤਰਤੀਬ ਅਨੁਸਾਰ ਲਗਾਈਆਂ ਜਾਣ ਤਾਂ ਜੋ ਟ੍ਰੈਫਿਕ ਵਿੱਚ ਵਿਘਨ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁਰਵਿੰਦਰ ਸ਼ਰਮਾ ਉਨ੍ਹਾਂ ਦੇ ਭਰਾਵਾਂ ਵਾਂਗ ਹਨ ਤੇ ਉਨ੍ਹਾਂ ਨੂੰ ਸ਼ਰਮਾ ਤੋਂ ਕੋਈ ਗਿਲਾ ਨਹੀਂ ਹੈ। ਫਿਲਹਾਲ ਸ਼ਹਿਰ ਵਿੱਚ ਇਹ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਸਭ ਦੀਆਂ ਨਜ਼ਰਾਂ ਪੁਲਿਸ ਦੇ ਅਗਲੇ ਕਦਮ 'ਤੇ ਲੱਗੀਆਂ ਹੋਈਆਂ ਹਨ।