ਸੱਤ ਮੈਡਲ ਜਿੱਤ ਕੇ ਗੁਰੂ ਕਾਸ਼ੀ ’ਵਰਸਿਟੀ ਬਣੀ ਗੱਤਕਾ ਚੈਂਪੀਂਅਨ
6 ਸੋਨਾ ਅਤੇ 1 ਚਾਂਦੀ ਦੇ ਤਗਮਿਆਂ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਬਣੀ ਗਤਕਾ ਚੈਂਪੀਂਅਨ
Publish Date: Fri, 15 May 2026 05:31 PM (IST)
Updated Date: Sat, 16 May 2026 04:04 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਕੋਟਾ ਯੂਨੀਵਰਸਿਟੀ ਵਿਖੇ ਸਮਾਪਤ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ ਲੜਕਿਆਂ ਵਿੱਚ 6 ਸੋਨ ਤੇ 1 ਚਾਂਦੀ ਦਾ ਤਗਮਾ ਜਿੱਤ ਕੇ ਓਵਰ ਆਲ ਚੈਂਪੀਂਅਨ ਹੋਣ ਦਾ ਮਾਣ ਹਾਸਲ ਕੀਤਾ, ਜਦ ਕਿ ਲੜਕੀਆਂ ਵਿੱਚੋਂ ਜੀਕੇਯੂ 4 ਸੋਨ ਅਤੇ 1 ਚਾਂਦੀ ਦੇ ਤਗਮੇ ਨਾਲ ਰਨਰ ਅੱਪ ਚੈਂਪੀਅਨ ਬਣੀ। ਜੀਕੇਯੂ. ਵੱਲੋਂ ਵਿਸ਼ੇਸ਼ ਸਮਾਰੋਹ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੈਨੇਜ਼ਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ, ਡਾਇਰੈਕਟਰ ਕੈਂਪਸ, ਡਾ. ਹਰਜਸਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਗੱਤਕਾ ਸਾਡੇ ਪੰਜਾਬ ਦੀ ਅਮੀਰ ਵਿਰਾਸਤ ਹੈ, ਖਿਡਾਰੀਆਂ ਨੇ ਇਹ ਚੈਂਪੀਅਨਸ਼ਿਪ ਜਿੱਤ ਕੇ ਇਲਾਕੇ ਅਤੇ ਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਇਸ ਮਾਣਮਤੀ ਪ੍ਰਾਪਤੀ ’ਤੇ ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ, ਕੋਚ ਗੁਰਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਨੂੰ ਵਧਾਈ ਦਿੱਤੀ ਤੇ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਸਹਿਯੋਗ ਦੀ ਗੱਲ ਆਖੀ।
ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਪਰੋ. ਵਾਈਸ ਚਾਂਸਲਰ ਡਾ. ਧੀਮਾਨ ਤੇ ਡਾਇਰੈਕਟਰ ਕੈਂਪਸ ਡਾ. ਸਿੱਧੂ ਨੇ ਕਿਹਾ ਕਿ ਵਰਸਿਟੀ ਪ੍ਰਬੰਧਕਾਂ ਵੱਲੋਂ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਉੱਚ ਦਰਜੇ ਦੀਆਂ ਖੇਡ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਗੱਤਕੇ ਦੀ ਖੇਡ ਨੂੰ ਹਰਮਨ ਪਿਆਰਾ ਬਣਾਉਣ ਅਤੇ ਇਸ ਦੇ ਪਸਾਰ ਲਈ ’ਵਰਸਿਟੀ ਭਵਿੱਖ ਵਿੱਚ ਨਵੇਂ ਪ੍ਰੋਗਰਾਮ ਵੀ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨ ਲਈ ਕਿਹਾ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਪੋਰਟਸ ਡਾ. ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਵਿਚ 36 ਯੂਨੀਵਰਸਿਟੀਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਿਸ ਵਿੱਚ ਜੀਕੇਯੂ. 7 ਤਗਮੇ ਜਿੱਤ ਕੇ 48 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ। ਲੜਕੀਆਂ ਦੀ ਚੈਂਪੀਅਨਸ਼ਿਪ ਵਿਚ ਜੀਕੇਯੂ. ਦੀਆਂ ਖਿਡਾਰਨਾਂ ਆਰਤੀ, ਅਰਸ਼ਦੀਪ, ਹਰਲੀਨ ਤੇ ਪ੍ਰਭਜੋਤ ਦੀ ਟੀਮ ਨੇ ਫੁੱਲ ਸਟਰਾਇਕ ਸਿੰਗਲ ਸੋਟੀ ਸ਼੍ਰੇਣੀ ਵਿੱਚ ਸੋਨ ਤਗਮਾ ਜਿੱਤਿਆ। ਚੈਂਪੀਅਨਸ਼ਿਪ ਦਾ ਸਭ ਤੋਂ ਰੋਮਾਂਚਕ ਅਤੇ ਨੇੜਤਾ ਮੁਕਾਬਲਾ ਪੰਜਾਬੀ ਯੂਨੀਵਰਸਿਟੀ ਤੇ ਜੀਕੇਯੂ ਵਿਚਕਾਰ ਰਿਹਾ।