ਕਬਜ਼ਾ ਕਰਨ ਦੇ ਦੋਸ਼ ਹੇਠ ਇਕ ਖਿਲਾਫ ਕੇਸ ਦਰਜ
ਕਬਜ਼ਾ ਕਰਨ ਦੇ ਦੋਸ਼ ਹੇਠ ਇਕ ਖਿਲਾਫ ਕੇਸ ਦਰਜ
Publish Date: Fri, 15 May 2026 05:07 PM (IST)
Updated Date: Sat, 16 May 2026 04:01 AM (IST)

ਦੀਪਕ ਸ਼ਰਮਾ, ਪੱਤਰ ਪ੍ਰੇਰਕ, ਬਠਿੰਡਾ : ਸ਼ਹਿਰ ਨਾਲ ਲੱਗਦੇ ਪਿੰਡ ਗਿੱਲ ਪੱਤੀ ਵਿਖੇ ਸਰਕਾਰੀ ਜ਼ਮੀਨ ’ਤੇ ਕਥਿਤ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਥਰਮਲ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਥਾਣਾ ਥਰਮਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪਿੰਡ ਗਿੱਲ ਪੱਤੀ ਦੇ ਰਹਿਣ ਵਾਲੇ ਭੋਲਾ ਸਿੰਘ ਨੇ ਨੇਹੀਆਵਾਲਾ ਰੋਡ ’ਤੇ ਪੈਂਦੀ ਸਰਕਾਰੀ ਸੜਕ ਦੀ ਜ਼ਮੀਨ ਨੂੰ ਆਪਣੀ ਜਾਇਦਾਦ ਵਿੱਚ ਸ਼ਾਮਲ ਕਰ ਲਿਆ ਹੈ। ਵਿਭਾਗ ਦੇ ਅਧਿਕਾਰੀਆਂ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਸੜਕ ਵਾਲੀ ਜਗ੍ਹਾ ਨੂੰ ਕੱਟ ਕੇ ਉਸ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰ ਲਿਆ, ਜਿਸ ਨਾਲ ਸਰਕਾਰੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੜਕ ਦੀ ਹੱਦ ਵਿੱਚ ਆਉਂਦੀ ਜਗ੍ਹਾ ਨੂੰ ਕਥਿਤ ਤੌਰ ’ਤੇ ਆਪਣੀ ਜ਼ਮੀਨ ਨਾਲ ਜੋੜਿਆ ਗਿਆ ਸੀ। ਇਸ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਵੱਲੋਂ ਸਾਰੀ ਰਿਪੋਰਟ ਪੁਲਿਸ ਹਵਾਲੇ ਕਰਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਸਬੰਧੀ ਥਾਣਾ ਥਰਮਲ ਦੇ ਸਹਾਇਕ ਥਾਣੇਦਾਰ ਜਸਕੌਰ ਸਿੰਘ ਨੇ ਦੱਸਿਆ ਕਿ ਵਿਭਾਗੀ ਸ਼ਿਕਾਇਤ ਤੇ ਮੁੱਢਲੀ ਜਾਂਚ ਦੇ ਆਧਾਰ ’ਤੇ ਕਥਿਤ ਦੋਸ਼ੀ ਭੋਲਾ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਸਰਕਾਰੀ ਜ਼ਮੀਨਾਂ ’ਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਸੰਪਤੀ ਦੀ ਰੱਖਿਆ ਲਈ ਪ੍ਰਸ਼ਾਸਨ ਵਚਨਬੱਧ ਹੈ ਤੇ ਜਿੱਥੇ ਵੀ ਅਜਿਹੇ ਮਾਮਲੇ ਸਾਹਮਣੇ ਆਉਣਗੇ, ਉਥੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।