ਗਿਣਤੀਕਾਰਾਂ ਵੱਲੋਂ ਘਰਾਂ ਦਾ ਸੂਚੀਕਰਨ ਸ਼ੁਰੂ
ਗਿਣਤੀਕਾਰਾਂ ਵਲੋਂ ਘਰਾਂ ਦਾ ਸੂਚੀਕਰਨ ਸ਼ੁਰੂ
Publish Date: Fri, 15 May 2026 04:22 PM (IST)
Updated Date: Sat, 16 May 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਰਦਮਸ਼ੁਮਾਰੀ-2027 ਦੇ ਪਹਿਲੇ ਪੜਾਅ ਤਹਿਤ ਘਰ-ਘਰ ਜਾ ਕੇ ਘਰਾਂ ਦਾ ਸੂਚੀਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ-ਸਹਿਤ-ਪ੍ਰਮੁੱਖ ਜਨਗਣਨਾ ਅਫ਼ਸਰ ਰਾਜੇਸ਼ ਧੀਮਾਨ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਕਾਰਜ ਲਈ 1900 ਤੋਂ ਵੱਧ ਗਿਣਤੀਕਾਰ ਸਮੇਤ ਰਾਖਵਾਂ ਸਟਾਫ਼ ਤਾਇਨਾਤ ਕੀਤੇ ਹਨ। ਇਨ੍ਹਾਂ ਨਾਲ 317 ਸੁਪਰਵਾਈਜ਼ਰ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗਿਣਤੀਕਾਰਾਂ ਨੂੰ ਮੁਕੰਮਲ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਸਮੂਹ ਅਮਲੇ ਨੂੰ ਤਨਦੇਹੀ ਨਾਲ ਤੇ ਸਮਾਂਬੱਧ ਢੰਗ ਨਾਲ ਜਨਗਣਨਾ ਦੇ ਪਹਿਲੇ ਪੜਾਅ ਦਾ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਮਕਾਨ ਸੂਚੀਕਰਨ ਤੇ ਰਿਹਾਇਸ਼ੀ ਜਨਗਣਨਾ ਲਈ 33 ਪ੍ਰਸ਼ਨ ਪੁੱਛੇ ਜਾਣਗੇ, ਜਿੰਨ੍ਹਾਂ ਵਿੱਚ ਇਮਾਰਤ ਨੰਬਰ (ਨਗਰਪਾਲਿਕਾ ਜਾਂ ਸਥਾਨਕ ਅਥਾਰਟੀ ਜਾਂ ਜਨਗਣਨਾ ਨੰਬਰ), ਮਕਾਨ ਨੰਬਰ, ਮਕਾਨ ਦੇ ਫਰਸ਼ ਦੀ ਮੁੱਖ ਸਮੱਗਰੀ, ਪਰਿਵਾਰ ਵਿੱਚ ਆਮ ਤੌਰ ’ਤੇ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ, ਮੋਬਾਈਲ ਨੰਬਰ ਆਦਿ ਸ਼ਾਮਲ ਹਨ। ਨਾਲ ਹੀ ਜਿਹੜੇ ਲੋਕਾਂ ਨੇ ਸਵੈ-ਗਣਨਾ ਕਰ ਲਈ ਹੈ, ਉਨ੍ਹਾਂ ਤੋਂ ਵਿਸ਼ੇਸ ਆਈ. ਡੀ.ਨੰਬਰ ਬਾਰੇ ਪੁੱਛਿਆ ਜਾਵੇਗਾ। ਇਸ ਵਿਸ਼ੇਸ਼ ਆਈਡੀ. ਨੰਬਰ ਰਾਹੀਂ ਗਿਣਤੀਕਾਰ ਸਬੰਧਤ ਪਰਿਵਾਰ ਦੀ ਸਵੈ-ਗਣਨਾ ਵੇਰਵਿਆਂ ਦੀ ਪੁਸ਼ਟੀ ਕਰਨਗੇ।