ਰੇਹੜੀਆਂ ਵਾਲਿਆਂ ਨੂੰ ਧਮਕਾਉਣ ਦੇ ਦੋਸ਼ ਹੇਠ ਇੱਕ ਖ਼ਿਲਾਫ਼ ਕੇਸ ਦਰਜ
ਰੇਹੜੀਆਂ ਵਾਲਿਆਂ ਨੂੰ ਧਮਕਾਉਣ ਦੇ ਦੋਸ ਹੇਠ ਗਰਵਿੰਦਰ ਸ਼ਰਮਾ ਖਿਲਾਫ ਕੇਸ ਦਰਜ
Publish Date: Thu, 14 May 2026 07:28 PM (IST)
Updated Date: Thu, 14 May 2026 07:30 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਸ਼ਹਿਰ ਵਿੱਚ ਸੜਕ ਕਿਨਾਰੇ ਲੱਗਣ ਵਾਲੀਆਂ ਰੇਹੜੀਆਂ ਨੂੰ ਹਟਾਉਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਹਾਜੀਰਤਨ ਇਲਾਕੇ ਵਿੱਚ ਪ੍ਰਵਾਸੀ ਰੇਹੜੀ ਚਾਲਕਾਂ ਨਾਲ ਕਥਿਤ ਕੁੱਟਮਾਰ, ਗਾਲੀ-ਗਲੋਚ ਅਤੇ ਧਮਕੀਆਂ ਦੇ ਮਾਮਲੇ ਵਿੱਚ ਪੁਲਿਸ ਨੇ ਗੁਰਵਿੰਦਰ ਸ਼ਰਮਾ ਸਮੇਤ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਨਗਰ ਨਿਗਮ ਵੱਲੋਂ ਵੀ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਹੈ। ਜਾਣਕਾਰੀ ਅਨੁਸਾਰ ਬਿਹਾਰ ਦੇ ਰਹਿਣ ਵਾਲੇ ਵਿਨਯ ਯਾਦਵ, ਜੋ ਪਿਛਲੇ ਕਰੀਬ 23 ਸਾਲਾਂ ਤੋਂ ਬਠਿੰਡਾ ਵਿੱਚ ਫਲ-ਫਰੂਟ ਦੀ ਰੇਹੜੀ ਲਗਾ ਰਹੇ ਹਨ, ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ 13 ਮਈ ਦੀ ਸ਼ਾਮ ਉਹ ਆਪਣੇ ਸਾਥੀਆਂ ਨਾਲ ਦਸ਼ਮੇਸ਼ ਬੱਸ ਵਾਲੀ ਗਲੀ ਨੇੜੇ ਰੇਹੜੀਆਂ ਲਗਾ ਕੇ ਖੜ੍ਹੇ ਸਨ। ਇਸ ਦੌਰਾਨ ਕੁਝ ਲੋਕ ਉੱਥੇ ਪਹੁੰਚੇ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਗੁਰਵਿੰਦਰ ਸ਼ਰਮਾ, ਦਲਵੀਰ ਸਿੰਘ, ਨਾਨੂ ਸ਼ਰਮਾ, ਸੰਗਮ ਸਿੰਘ ਅਤੇ ਚਾਰ-ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਏਐੱਸਆਈ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਨਿਗਮ ਕਮਿਸ਼ਨਰ ਲਵਜੀਤ ਕਲਸੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਵੀ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।