ਸਫ਼ਾਈ ਕਰਮਚਾਰੀਆਂ ਨੇ ਵਿਧਾਇਕ ਜਗਸੀਰ ਸਿੰਘ ਨੂੰ ਦਿੱਤਾ ਮੰਗ ਪੱਤਰ
ਸਫਾਈ ਕਰਮਚਾਰੀਆਂ ਨੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਦਿੱਤਾ ਮੰਗ ਪੱਤਰ
Publish Date: Thu, 14 May 2026 06:15 PM (IST)
Updated Date: Thu, 14 May 2026 06:18 PM (IST)
- ਧਰਨੇ ਦੇ ਨੌਵੇਂ ਦਿਨ ਸਫ਼ਾਈ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਭੁੱਚੋ ਮੰਡੀ : ਸਫ਼ਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਚੱਲ ਰਹੀ ਕੰਮ ਛੋੜ ਹੜਤਾਲ ਦੇ ਨੌਵੇਂ ਦਿਨ ਮਿਊਂਸਪਲ ਕਮੇਟੀ ਭੁੱਚੋ ਮੰਡੀ ਦੇ ਬਾਹਰ ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੈਕਟਰੀ ਦਿਲਬਾਗ ਚੇਅਰਮੈਨ ਰਮੇਸ਼ ਕੁਮਾਰ ਪ੍ਰਭੂ, ਮੈਟ ਰਮੇਸ਼ ਕੁਮਾਰ ਸੰਜੂ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਯੂਨੀਅਨ ਦੀ ਸੂਬਾ ਪੱਧਰ ’ਤੇ ਚੱਲ ਰਹੀ ਹੜਤਾਲ ਕਾਰਨ ਪੰਜਾਬ ਸਰਕਾਰ ਦੇ ਕੰਨ ਜੂਨ ਨਹੀਂ ਸਰਕ ਰਹੀ। ਉਹ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਆਪਣੀਆਂ ਜਾਇਜ਼ ਮੰਗਾਂ ਨੂੰ ਮਨਵਾ ਕੇ ਹੀ ਹੜਤਾਲ ਤੋਂ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਸਾਰੀਆਂ 30 ਦੇ ਕਰੀਬ ਮੰਗਾਂ ਵਿੱਚੋਂ ਮੇਨ ਜੋ ਪੰਜਾਬ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ ਕਿ ਸਫ਼ਾਈ ਕਰਮਚਾਰੀ ਭਰਤੀ ਹੋਣ ਤੋਂ 10 ਸਾਲ ਤਕ ਪੱਕੇ ਨਹੀਂ ਕੀਤੇ ਜਾਣਗੇ, ਇਸ ਕਾਨੂੰਨ ਨੂੰ ਤੁਰੰਤ ਰੱਦ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਫਿਰ ਤੋਂ ਬਹਾਲ ਕਰਨ ਤੋਂ ਇਲਾਵਾ ਹੋਰ ਮੰਗਾਂ ਨੂੰ ਤੁਰੰਤ ਪੂਰਿਆ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ‘ਆਪ’ ਦੀ ਸਰਕਾਰ ਬਣਨ ’ਤੇ ਉਹ ਮਜ਼ਦੂਰ ਅਤੇ ਮੁਲਾਜ਼ਮਾਂ ਪੱਖੀ ਹੋਵੇਗੀ, ਪਰ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਵੀ ਮਿਲਦੀਆਂ ਸਹੂਲਤਾਂ ਤੋਂ ਸਾਨੂੰ ਵਾਂਝੇ ਕਰ ਦਿੱਤਾ ਗਿਆ ਹੈ, ਜੋ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਡੀਆਂ ਜਾਇਜ਼ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਸਾਡੇ ਵਰਕਰ ਕੰਮ ’ਤੇ ਆ ਕੇ ਸਫ਼ਾਈ ਦਾ ਕੰਮ ਸੰਭਾਲ ਸਕਣ। ਚੱਲ ਰਹੇ ਧਰਨੇ ਦੌਰਾਨ ਹਲਕਾ ਭੁੱਚੋ ਤੋਂ ਐੱਮਐੱਲਏ ਮਾਸਟਰ ਜਗਸੀਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਸਿਮਰਨਜੀਤ ਸਿੰਘ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ। ਨਗਰ ਕੌਂਸਲ ਦੇ ਦਫ਼ਤਰ ਵਿਖੇ ਸਫ਼ਾਈ ਕਰਮਚਾਰੀਆਂ ਤੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਕ ਪਹੁੰਚਾ ਕੇ ਉਨ੍ਹਾਂ ਦਾ ਜਲਦੀ ਹੱਲ ਕੀਤਾ ਜਾਵੇਗਾ।