ਲਾਲ ਸਿੰਘ ਬਸਤੀ ’ਚ ਸੀਵਰੇਜ ਸਮੱਸਿਆ ਤੋਂ ਮਿਲੇਗੀ ਨਿਜਾਤ : ਮਹਿਤਾ
ਲਾਲ ਸਿੰਘ ਬਸਤੀ :- 15 ਸਾਲ ਪੁਰਾਣੀ ਸੀਵਰੇਜ ਸਮੱਸਿਆ ਤੋਂ ਮਿਲੇਗੀ ਨਿਜਾਤ: ਪਦਮਜੀਤ ਮਹਿਤਾ
Publish Date: Thu, 14 May 2026 05:06 PM (IST)
Updated Date: Thu, 14 May 2026 05:09 PM (IST)
ਬਠਿੰਡਾ : ਬਠਿੰਡਾ ਦੇ ਵਾਰਡ ਨੰਬਰ 30 ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਮਾਰ ਝੱਲ ਰਹੇ ਲਾਲ ਸਿੰਘ ਬਸਤੀ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਆਈ ਹੈ। ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸੋਮਵਾਰ ਨੂੰ ਗਲੀ ਨੰਬਰ 37 ਦੇ ਨਜ਼ਦੀਕ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਨਵੀਂ ਸੀਵਰੇਜ ਪਾਈਪਲਾਈਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਸੂਬਾ ਸਿੰਘ ਬਰਾੜ, ਕੁਲਵਿੰਦਰ ਸਿੰਘ ਮਾਂਕੜ, ਜਗਤਾਰ ਸਿੰਘ ਬਾਹੀਆ ਸਮੇਤ ਭਾਰੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਇਸ ਮੰਗ ਦੇ ਪੂਰਾ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਪਦਮਜੀਤ ਮਹਿਤਾ ਨੇ ਦੱਸਿਆ ਕਿ ਲਾਲ ਸਿੰਘ ਬਸਤੀ ਦੇ ਲੋਕ ਪਿਛਲੇ 15 ਸਾਲਾਂ ਤੋਂ ਸੀਵਰੇਜ ਸਿਸਟਮ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ। ਇਲਾਕਾ ਵਾਸੀਆਂ ਨੇ ਇਹ ਗੰਭੀਰ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ, ਜਿਸ ਤੋਂ ਬਾਅਦ ਨਗਰ ਨਿਗਮ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੇਢ ਕਰੋੜ ਰੁਪਏ ਦੀ ਲਾਗਤ ਵਾਲੀ ਇਸ ਪਾਈਪਲਾਈਨ ਦੇ ਮੁਕੰਮਲ ਹੋਣ ਨਾਲ ਇਲਾਕੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਅਤੇ ਰੁਕਾਵਟਾਂ ਵਰਗੀਆਂ ਸਮੱਸਿਆਵਾਂ ਜੜ੍ਹੋਂ ਖ਼ਤਮ ਹੋ ਜਾਣਗੀਆਂ। ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਵਾਤਾਵਰਣ ਸਾਫ਼-ਸੁਥਰਾ ਹੋਵੇਗਾ, ਸਗੋਂ ਭੂਮੀਗਤ ਪਾਣੀ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ, ਜਿਸ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ।