ਰਾਜਨੀਤੀ ਦੀ ਭੇਟ ਚੜ੍ਹੇ ਕੌਂਸਲਰ : ਸਰੂਪ ਸਿੱਧੂ
ਰਾਜਨੀਤੀ ਦੀ ਭੇਂਟ ਚੜ੍ਹੇ ਰਾਮਾਂ ਮੰਡੀ ਦੇ ਕੌਂਸਲਰ-ਸਰੂਪ ਸਿੱਧੂ
Publish Date: Thu, 14 May 2026 04:34 PM (IST)
Updated Date: Thu, 14 May 2026 04:39 PM (IST)
- ਸਾਲ 2021 ’ਚ ਚੁਣੇ ਗਏ ਸਾਰੇ ਕੌਂਸਲਰ ਆਪਣੇ ਵਾਰਡਾਂ ’ਚ ਕੋਈ ਵਿਕਾਸ ਨਹੀਂ ਕਰਵਾ ਸਕੇ
ਸਰੂਪ ਸਿੰਘ ਰਾਮਾਂ, ਪੰਜਾਬੀ ਜਾਗਰਣ
ਰਾਮਾਂ ਮੰਡੀ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਰਾਮਾਂ ਇਲਾਕੇ ਦੇ ਆਮ ਲੋਕਾਂ ਵਿੱਚ ਕੋਈ ਉਤਸ਼ਾਹ ਨਹੀਂ ਹੈ। ਇਹ ਬਿਆਨ ਦਿੰਦੇ ਹੋਏ ਬੀਕੇਯੂ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਸਾਲ 2021 ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੋ ਤਿਹਾਈ ਕੌਂਸਲਰ ਕਾਂਗਰਸ ਦੇ ਜਿੱਤੇ ਸਨ, ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਸਾਲ 2022 ਵਿਚ ਸਰਕਾਰ ਬਦਲ ਕੇ ਆਮ ਆਦਮੀ ਪਾਰਟੀ ਦੀ ਬਣ ਗਈ। ‘ਆਪ’ ਸਰਕਾਰ ਵੱਲੋਂ ਸਮੂਹ ਕੌਂਸਲਰਾਂ ਨੂੰ ਤਾਕਤ ਦੇ ਜ਼ੋਰ ’ਤੇ ‘ਆਪ’ ਵਿਚ ਸ਼ਾਮਲ ਕਰ ਲਿਆ ਗਿਆ। ਪਰ ਵਾਰਡਾਂ ਦੇ ਵਿਕਾਸ ਲਈ ਕੌਂਸਲਰਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਨਾ ਹੀ ਵਾਰਡਾਂ ਵਿਚ ਕੋਈ ਵਿਕਾਸ ਕੀਤਾ ਗਿਆ। ਜਿਸ ਕਾਰਨ ਜਿੱਥੇ ਸਮੂਹ ਕੌਂਸਲਰਾਂ ਨੂੰ ਪੰਜੇ ਸਾਲ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਉੱਥੇ ਅੱਜ ਵੀ ਸਾਰੇ ਵਾਰਡ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਿੱਧੂ ਨੇ ਕਿਹਾ ਕਿ ਜਦੋਂ ਚੁਣੇ ਹੋਏ ਕੌਂਸਲਰਾਂ ਕੋਲ ਆਪਣੇ ਵਾਰਡਾਂ ਦਾ ਵਿਕਾਸ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ ਤਾਂ ਪੰਜਾਬ ਵਿਚ ਨਗਰ ਕੌਂਸਲ ਚੋਣਾਂ ਦਾ ਮਤਲਬ ਹੀ ਕੀ ਹੈ।