ਪੀਐੱਸਐੱਮਪੀ ਐਸੋਸੀਏਸ਼ਨ ਵੱਲੋਂ ਨਿਗਮ ਚੋਣਾਂ ’ਚ ‘ਆਪ’ ਦੇ ਵਿਰੋਧ ਦਾ ਐਲਾਨ
ਪੀਐਸਐਮਪੀ ਐਸੋਸੀਏਸ਼ਨ ਵੱਲੋਂ ਨਿਗਮ ਚੋਣਾਂ ਵਿੱਚ ‘ਆਪ’ ਦੇ ਵਿਰੋਧ ਦਾ ਐਲਾਨ
Publish Date: Thu, 14 May 2026 04:16 PM (IST)
Updated Date: Thu, 14 May 2026 04:18 PM (IST)

- ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਲਿਆ ਫ਼ੈਸਲਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਸਟੇਟ ਮਨਿਸਟ੍ਰੀਅਲ ਪੈਨਸ਼ਨਰ ਐਸੋਸੀਏਸ਼ਨ (ਪੀਐੱਸਐੱਮਪੀ) ਬਠਿੰਡਾ ਦੀ ਮਹੀਨਾਵਾਰ ਬੈਠਕ ਪੈਨਸ਼ਨਰ ਭਵਨ ਬਠਿੰਡਾ ਵਿਖੇ ਪ੍ਰਧਾਨ ਮੇਹਰ ਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਬੈਠਕ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਾਂ, ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਪੈਨਸ਼ਨਰਾਂ ਨਾਲ ਜੁੜੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਬੈਠਕ ਵਿੱਚ ਗੁਰਦੇਵ ਸਿੰਘ ਕੋਟਫੱਤਾ ਚੀਫ ਐਡਵਾਈਜ਼ਰ, ਬਲਦੇਵ ਸਿੰਘ ਚੇਅਰਮੈਨ, ਇਸਤਰੀ ਵਿੰਗ ਦੀ ਪ੍ਰਧਾਨ ਬੇਅੰਤ ਕੌਰ, ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬੱਗਾ, ਸਕੱਤਰ ਤੀਰਥ ਬਤਰਾ, ਖਜਾਨਚੀ ਗੁਨਦੀਪ ਸਿੰਘ, ਪ੍ਰੈਸ ਸਕੱਤਰ ਮਧੂ ਭੂਸ਼ਨ ਕੌੜਾ ਸਮੇਤ ਹੋਰ ਸੀਨੀਅਰ ਆਗੂਆਂ ਅਤੇ ਮੈਂਬਰਾਂ ਨੇ ਭਾਗ ਲਿਆ। ਬੈਠਕ ਦੌਰਾਨ ਪੰਜਾਬ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆਂ ‘ਤੇ ਗੰਭੀਰ ਚਿੰਤਾ ਜਤਾਈ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 6ਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨਰਾਂ ਨੂੰ 2.59 ਫੈਕਟਰ ਨਹੀਂ ਦਿੱਤਾ ਗਿਆ ਅਤੇ 1 ਜਨਵਰੀ 2016 ਤੋਂ ਬਣਦੇ ਬਕਾਏ ਵੀ ਜਾਰੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ 18 ਫੀਸਦੀ ਡੀ.ਏ. ਏਰੀਅਰ ਦਾ ਭੁਗਤਾਨ ਨਾ ਕਰਨਾ ਵੀ ਪੈਨਸ਼ਨਰਾਂ ਨਾਲ ਧੱਕੇਸ਼ਾਹੀ ਕਰਾਰ ਦਿੱਤਾ ਗਿਆ। ਬੈਠਕ ਵਿੱਚ ਹਾਜ਼ਰ ਅਹੁਦੇਦਾਰਾਂ ਨੇ ਮਤਾ ਰੱਖਿਆ ਕਿ ਮੌਜੂਦਾ ਸਰਕਾਰ ਨੇ ਸੇਵਾ ਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹੱਕਾਂ ਦੀ ਅਣਦੇਖੀ ਕੀਤੀ ਹੈ। ਇਸ ਕਰਕੇ ਆਉਣ ਵਾਲੀਆਂ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਮਿਊਂਸਪਲ ਕੌਂਸਲਰਾਂ ਦਾ ਵਿਰੋਧ ਕੀਤਾ ਜਾਵੇ। ਇਸ ਮਤੇ ਨੂੰ ਹਾਜ਼ਰ ਸੈਕੜੇ ਪੈਨਸ਼ਨਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ। ਇਸ ਮੌਕੇ ਇਹ ਵੀ ਯਾਦ ਕਰਵਾਇਆ ਗਿਆ ਕਿ ਇਸ ਤੋਂ ਪਹਿਲਾਂ ਵੀ ਐਸੋਸੀਏਸ਼ਨ ਵੱਲੋਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨ ਸਬੰਧੀ ਮਤਾ ਪਾਸ ਕੀਤਾ ਜਾ ਚੁੱਕਾ ਹੈ। ਸੀਨੀਅਰ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੈਨਸ਼ਨਰਾਂ ਦੇ ਹੱਕਾਂ, ਬਕਾਏ, ਪੈਨਸ਼ਨ ਅਤੇ ਹੋਰ ਵਿੱਤੀ ਲਾਭਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਕੇ ਇਕਜੁੱਟਤਾ ਬਣਾਈ ਰੱਖਣੀ ਸਮੇਂ ਦੀ ਲੋੜ ਹੈ। ਗਰਮੀ ਦੇ ਮੌਸਮ ਦੇ ਬਾਵਜੂਦ ਜ਼ਿਲ੍ਹੇ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਪ੍ਰਤੀਨਿਧੀ ਬੈਠਕ ਵਿੱਚ ਪਹੁੰਚੇ। ਬੈਠਕ ਦੇ ਅੰਤ ਵਿੱਚ ਸਭ ਮੈਂਬਰਾਂ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ।