ਸੀਵਰੇਜ ਦੇ ਪਾਣੀ ਤੇ ਚਿੱਕੜ ’ਚੋਂ ਕੱਢਣੀ ਪਈ ਪਿਓ ਦੀ ਅਰਥੀ
ਗੋਨਿਆਣਾ ਮੰਡੀ ਵਿੱਚ ਇਨਸਾਨੀਅਤ ਨੂੰ ਝੰਝੋੜਣ ਵਾਲਾ ਮਾਮਲਾ
Publish Date: Wed, 13 May 2026 08:23 PM (IST)
Updated Date: Thu, 14 May 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ ਮੰਡੀ
ਗੋਨਿਆਣਾ ਮੰਡੀ ਦੇ ਵਾਰਡ-1 ਦੀ ਯੋਗ ਆਸ਼ਰਮ ਵਾਲੀ ਗਲੀ ਵਿੱਚ ਇੱਕ ਅਜਿਹਾ ਦਰਦਨਾਕ ਮੰਜ਼ਰ ਵੇਖਣ ਨੂੰ ਮਿਲਿਆ, ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਕ ਪਰਿਵਾਰ ਨੂੰ ਆਪਣੇ ਪਿਤਾ ਦੀ ਅੰਤਿਮ ਯਾਤਰਾ ਲਈ ਵੀ ਸਾਫ ਰਸਤਾ ਨਸੀਬ ਨਾ ਹੋ ਸਕਿਆ ਤੇ ਉਨ੍ਹਾਂ ਨੂੰ ਸੀਵਰੇਜ ਦੇ ਪਾਣੀ ਤੇ ਗਾਰੇ ਵਿੱਚੋਂ ਅਰਥੀ ਲੰਘਾਉਣ ਲਈ ਮਜਬੂਰ ਹੋਣਾ ਪਿਆ। ਇਹ ਦ੍ਰਿਸ਼ ਵੇਖ ਕੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਤੇ ਦੁੱਖ ਪਾਇਆ ਗਿਆ। ਇਲਾਕੇ ਦੀਆਂ ਗਲੀਆਂ ਲੰਬੇ ਸਮੇਂ ਤੋਂ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ। ਹਰ ਪਾਸੇ ਚਿੱਕੜ, ਗੰਦਗੀ ਤੇ ਬਦਬੂ ਫੈਲੀ ਹੋਈ ਹੈ। ਲੋਕਾਂ ਅਨੁਸਾਰ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਪਰ ਇਸ ਵਾਰ ਹਾਲਾਤ ਇੰਨੇ ਮਾੜੇ ਹੋ ਗਏ ਕਿ ਇਕ ਪਰਿਵਾਰ ਲਈ ਆਪਣੇ ਪਿਤਾ ਦੀ ਅੰਤਿਮ ਯਾਤਰਾ ਕੱਢਣਾ ਵੀ ਔਖਾ ਹੋ ਗਿਆ। ਮ੍ਰਿਤਕ ਦੇ ਪੁੱਤਰ ਧਰਮਪ੍ਰੀਤ ਨੇ ਭਾਵੁਕ ਹੋ ਕੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ, ਪਰ ਪਰਿਵਾਰ ਲਈ ਸਭ ਤੋਂ ਵੱਡਾ ਦੁੱਖ ਇਹ ਸੀ ਕਿ ਉਹ ਆਪਣੇ ਪਿਤਾ ਦੀ ਅਰਥੀ ਨੂੰ ਲੈ ਕੇ ਜਾਣ ਲਈ ਜੱਦੋਜਹਿਦ ਕਰਨੀ ਪਈ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਆਵਾਜ਼ ਵਿੱਚ ਦਰਦ ਸਾਫ ਮਹਿਸੂਸ ਹੋ ਰਿਹਾ ਸੀ। ਧਰਮਪ੍ਰੀਤ ਨੇ ਕਿਹਾ, “ਸਾਡੇ ਘਰ ਦੁੱਖ ਸਾਂਝਾ ਕਰਨ ਲਈ ਵੀ ਲੋਕ ਨਹੀਂ ਆ ਸਕੇ। ਘਰ ਦੇ ਬਾਹਰ ਗੰਦਾ ਪਾਣੀ ਅਤੇ ਚਿੱਕੜ ਐਨਾ ਜ਼ਿਆਦਾ ਸੀ ਕਿ ਪੈਦਲ ਤੁਰਨਾ ਵੀ ਮੁਸ਼ਕਿਲ ਸੀ। ਜਦੋਂ ਪਰਿਵਾਰ ਵੱਲੋਂ ਨਗਰ ਕੌਂਸਲ ਕੋਲ ਰਸਤਾ ਸਾਫ ਕਰਨ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਕਰਮਚਾਰੀਆਂ ਦੀ ਘਾਟ ਦਾ ਹਵਾਲਾ ਦੇ ਦਿੱਤਾ ਗਿਆ। ਪਰਿਵਾਰ ਲਗਾਤਾਰ ਅਪੀਲ ਕਰਦਾ ਰਿਹਾ ਕਿ ਘੱਟੋ-ਘੱਟ ਅੰਤਿਮ ਯਾਤਰਾ ਲਈ ਹੀ ਰਸਤਾ ਸਾਫ ਕਰ ਦਿੱਤਾ ਜਾਵੇ, ਪਰ ਕੋਈ ਮਦਦ ਨਾ ਮਿਲੀ। ਆਖ਼ਰਕਾਰ ਮਜਬੂਰੀ ਵਿੱਚ ਪਰਿਵਾਰਕ ਮੈਂਬਰਾਂ ਤੇ ਮੁਹੱਲੇ ਦੇ ਲੋਕਾਂ ਨੇ ਆਪਣੇ ਹੱਥਾਂ ਨਾਲ ਮਿੱਟੀ ਤੇ ਰੇਤ ਪਾ ਕੇ ਰਸਤਾ ਤਿਆਰ ਕੀਤਾ। ਗੰਦੇ ਪਾਣੀ ’ਚੋਂ ਅਰਥੀ ਨੂੰ ਸ਼ਮਸ਼ਾਨਘਾਟ ਤਕ ਲਿਜਾਇਆ। ਇਹ ਮੰਜ਼ਰ ਦੇਖ ਕੇ ਉੱਥੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ।