ਸਫਾਈ ਸੇਵਕਾਂ ਨੇ ਹੜਤਾਲ ਦੌਰਾਨ ਫੂਕੀਆਂ 10 ਸਾਲ ਦੇ ਐਗਰੀਮੈਂਟ ਦੀਆਂ ਕਾਪੀਆਂ
ਸਫਾਈ ਸੇਵਕਾਂ ਦੀ ਹੜਤਾਲ ਕਾਰਨ ਭੁੱਚੋ ਮੰਡੀ ਗੰਦਗੀ ਦਾ ਢੇਰ ਬਣਨ ਲੱਗੀ
Publish Date: Wed, 13 May 2026 07:31 PM (IST)
Updated Date: Thu, 14 May 2026 04:12 AM (IST)
ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ
ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਕੀਤੀ ਗਈ ਹੜਤਾਲ ਅੱਜ ਭੁੱਚੋ ਮੰਡੀ ਵਿਖੇ ਅੱਠਵੇਂ ਦਿਨ ਵੀ ਜਾਰੀ ਰਹੀ। ਕਰਮਚਾਰੀਆਂ ਵੱਲੋਂ ਸ਼ਹਿਰ ਵਿੱਚ ਰੋਸ਼ ਪ੍ਰਦਰਸ਼ਨ ਕਰਕੇ 10 ਸਾਲਾਂ ਵਾਲੇ ਐਗਰੀਮੈਂਟ ਦੇ ਨਵੇਂ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਚੇਅਰਮੈਨ ਰਮੇਸ਼ ਕੁਮਾਰ ਪ੍ਰਭੂ ਅਤੇ ਮੈਂਟ ਰਮੇਸ਼ ਕੁਮਾਰ ਸੰਜੂ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਮੁਲਾਜ਼ਮਾਂ ਪੱਖੀ ਹੈ। ਸਰਕਾਰ ਆਉਣ ’ਤੇ ਪੰਜਾਬ ਅੰਦਰ ਕੋਈ ਵੀ ਮੁਲਾਜ਼ਮ ਮੁਜ਼ਾਹਰਾ ਨਹੀਂ ਕਰੇਗਾ, ਪਰ ਹੁਣ ਇਸ ਦੇ ਉਲਟ ਹੋ ਰਿਹਾ ਹੈ। ਅੱਜ ਪੰਜਾਬ ਦਾ ਹਰ ਮੁਲਾਜ਼ਮ ਖਾਸ ਕਰ ਕੱਚੇ ਕਰਮਚਾਰੀ ਇਸ ਸਰਕਾਰ ਤੋਂ ਦੁਖੀ ਹੋ ਕੇ ਮੰਗਾਂ ਮਨਵਾਉਣ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਪੰਜਾਬ ਅੰਦਰ ਆਮ ਆਦਮੀ ਪਾਰਟੀ ਸਰਕਾਰ ਆਉਣ ਤੇ ਨਵਾਂ ਕਾਨੂੰਨ ਬਣਾਇਆ ਗਿਆ ਕਿ ਸਫਾਈ ਕਰਮਚਾਰੀ ਭਰਤੀ ਹੋਣ ਤੋਂ 10 ਸਾਲ ਤੱਕ ਪੱਕੇ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਤੁਰੰਤ ਰੱਦ ਕੀਤਾ ਜਾਵੇ,ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਫਿਰ ਤੋਂ ਬਹਾਲ ਕਰਨ ਤੋਂ ਇਲਾਵਾ ਹੋਰ ਮੰਗਾਂ ਨੂੰ ਪੂਰਿਆ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੇ ਨਾਲ ਵਧੀਕੀ ਕਰ ਰਹੀ ਹੈ ਅੱਠ ਦਿਨ ਹੋ ਗਏ ਸਾਨੂੰ ਧਰਨੇ ’ਤੇ ਬੈਠੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸਾਡੇ ਤੋਂ ਕੋਈ ਵੀ ਵਿਅਕਤੀ ਮੰਗ ਪੱਤਰ ਵੀ ਨਹੀਂ ਲੈਣ ਆਇਆ। ਉਨ੍ਹਾਂ ਕਿਹਾ ਕਿ ਸਾਡੀਆਂ ਪੰਜਾਬ ਪੱਧਰ ਤੇ ਜਦ ਤੱਕ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕਰਾਂਗੇ ਤੇ ਧਰਨੇ ਜਾਰੀ ਰੱਖਾਂਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਵੋਟਾਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਪ੍ਰਧਾਨ ਪੱਪੂ ਰਾਮ ਸੈਕਟਰੀ ਦਿਲਬਾਗ ਰਮੇਸ਼ ਕੁਮਾਰ ਔਰਤ ਆਗੂ ਦਰਸ਼ਨਾਂ ਦੇਵੀ ਤੋਂ ਇਲਾਵਾ ਸਫਾਈ ਕਰਮਚਾਰੀ ਅਤੇ ਹੋਰ ਵਰਕਰ ਹਾਜ਼ਰ ਸਨ।