ਚੌਕ ’ਚੋਂ ਰੇਹੜੀਆਂ ਹਟਾਉਣ ਦੀ ਮੰਗ ਸਬੰਧੀ ਰੋਸ ਮੁਜ਼ਾਹਰਾ
ਭਾਈ ਘਨ੍ਹੱਈਆ ਚੌਕ ਵਿੱਚੋਂ ਰੇਹੜੀਆਂ ਹਟਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
Publish Date: Wed, 13 May 2026 07:26 PM (IST)
Updated Date: Thu, 14 May 2026 04:12 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ
ਬਠਿੰਡਾ ਦੇ ਭਾਈ ਘਨ੍ਹੱਈਆ ਚੌਕ ਵਿੱਚ ਲੱਗਦੀਆਂ ਰੇਹੜੀਆਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਸਮਾਜ ਸੇਵੀਆਂ ਵੱਲੋਂ ਨਹਿਰ ਦੇ ਨੇੜੇ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਵਧ ਰਹੀ ਬਦਇੰਤਜ਼ਾਮੀ ਅਤੇ ਆਵਾਜਾਈ ਨਾਲ ਸਬੰਧਤ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਰੇਹੜੀਆਂ ਹਟਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਅਭਿਆਨ ਸਿਰਫ਼ ਇੱਕ ਇਲਾਕੇ ਤੱਕ ਸੀਮਤ ਨਹੀਂ ਰਹੇਗਾ, ਸਗੋਂ ਪੂਰੇ ਸ਼ਹਿਰ ਵਿੱਚ ਸੜਕਾਂ ਕੰਢੇ ਲੱਗੀਆਂ ਨਾਜਾਇਜ਼ ਰੇਹੜੀਆਂ ਹਟਾਉਣ ਲਈ ਯਤਨ ਕੀਤੇ ਜਾਣਗੇ।
ਧਰਨੇ ਦੌਰਾਨ ਰੇਹੜੀ ਚਾਲਕਾਂ ਵੱਲੋਂ ਵੀ ਵਿਰੋਧ ਜਤਾਇਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੰਮੇ ਸਮੇਂ ਤੋਂ ਇੱਥੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ ਅਤੇ ਸੜਕ ਦੇ ਬਿਲਕੁਲ ਕਿਨਾਰੇ ਬੈਠਦੇ ਹਨ, ਜਿਸ ਨਾਲ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪੈਂਦਾ। ਰੇਹੜੀ ਚਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਬਦਲਵੇਂ ਪ੍ਰਬੰਧ ਦੇ ਹਟਾਉਣਾ ਉਨ੍ਹਾਂ ਦੇ ਪਰਿਵਾਰਾਂ ਦੀ ਗੁਜ਼ਾਰੇ 'ਤੇ ਸਿੱਧਾ ਅਸਰ ਪਾਵੇਗਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਛੋਟੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ। ਪ੍ਰਦਰਸ਼ਨ ਦੌਰਾਨ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਵੀ ਰਿਹਾ, ਹਾਲਾਂਕਿ ਬਾਅਦ ਵਿੱਚ ਦੋਵਾਂ ਪੱਖਾਂ ਨੇ ਸ਼ਾਂਤੀਪੂਰਵਕ ਆਪਣੀ ਗੱਲ ਰੱਖੀ। ਮੌਕੇ 'ਤੇ ਪਹੁੰਚੇ ਟ੍ਰੈਫਿਕ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਥਿਤੀ ਦਾ ਜਾਇਜ਼ਾ ਲੈ ਕੇ ਨਿਯਮਾਂ ਅਨੁਸਾਰ ਬਣਦਾ ਫ਼ੈਸਲਾ ਲਿਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਵਧ ਰਹੀਆਂ ਰੇਹੜੀਆਂ ਕਾਰਨ ਕਈ ਥਾਵਾਂ 'ਤੇ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ, ਜਦੋਂ ਕਿ ਦੂਜੇ ਪਾਸੇ ਰੇਹੜੀ ਚਾਲਕਾਂ ਦਾ ਕਹਿਣਾ ਹੈ ਕਿ ਉਹ ਸੀਮਤ ਜਗ੍ਹਾ ਵਿੱਚ ਆਪਣਾ ਕੰਮ ਕਰ ਰਹੇ ਹਨ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ।