ਕੋਟਸ਼ਮੀਰ ’ਚ ਵੋਟਰ ਸੂਚੀ ਸਬੰਧੀ ਵਿਵਾਦ, ਲੋਕਾਂ ਨੇ ਲਾਏ ਗਲਤ ਵੋਟਾਂ ਬਣਾਉਣ ਦੇ ਦੋਸ਼
ਕੋਟਸ਼ਮੀਰ ਵਿੱਚ ਵੋਟਰ ਸੂਚੀ ਨੂੰ ਲੈ ਕੇ ਵਿਵਾਦ, ਲੋਕਾਂ ਨੇ ਲਾਏ ਗਲਤ ਵੋਟਾਂ ਬਣਾਉਣ ਦੇ ਇਲਜ਼ਾਮ
Publish Date: Wed, 13 May 2026 06:57 PM (IST)
Updated Date: Thu, 14 May 2026 04:09 AM (IST)
-ਪਿੰਡ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਅਧਿਕਾਰੀਆਂ ਤਕ ਕੀਤੀ ਪਹੁੰਚ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਨਗਰ ਪੰਚਾਇਤ ਸਥਾਨਕ ਚੋਣਾਂ ਨੂੰ ਲੈ ਕੇ ਵੋਟਰ ਸੂਚੀ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਪਿੰਡ ਦੇ ਲੋਕਾਂ ਨੇ ਕੁਝ ਵਿਅਕਤੀਆਂ ਉੱਤੇ ਚੋਣਾਂ ਦੌਰਾਨ ਗਲਤ ਤਰੀਕੇ ਨਾਲ ਵੋਟਾਂ ਬਣਾਉਣ ਅਤੇ ਵੋਟਰ ਸੂਚੀ ਵਿੱਚ ਫੇਰਬਦਲ ਕਰਵਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ। ਇਸ ਮਸਲੇ ਨੂੰ ਲੈ ਕੇ ਬੁੱਧਵਾਰ ਨੂੰ ਪਿੰਡ ਦੇ ਕਈ ਲੋਕਾਂ ਨੇ ਬੀਡੀਪੀਓ. ਦਫ਼ਤਰ ਪਹੁੰਚ ਕੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਇਤਰਾਜ਼ ਦਰਜ ਕਰਵਾਇਆ। ਇਸ ਮੌਕੇ ਪਿੰਡ ਵਾਸੀ ਨਿਰਮਲ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਚੋਣਾਂ ਨਾਲ ਸਬੰਧਤ ਵੋਟਰ ਸੂਚੀ 5 ਮਈ ਨੂੰ ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਹੁਣ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਦੇ ਬਾਵਜੂਦ ਕੁਝ ਸੱਤਾਧਾਰੀ ਧਿਰ ਨਾਲ ਜੁੜੇ ਲੋਕ ਵੋਟਰ ਸੂਚੀ ਵਿੱਚ ਦੁਬਾਰਾ ਸੋਧ ਕਰਵਾਉਣ ਲਈ ਇਤਰਾਜ਼ ਦਾਖ਼ਲ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਕੁਝ ਲੋਕ ਆਪਣੇ ਹਮਾਇਤੀਆਂ ਦੀਆਂ ਵੋਟਾਂ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਪ੍ਰਭਾਵਿਤ ਹੋ ਸਕਦੀ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਹਿਣਾ ਹੈ ਕਿ ਜੇਕਰ ਨਿਯਮਾਂ ਦੇ ਉਲਟ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਤਾਂ ਪਿੰਡ ਦੇ ਲੋਕ ਇਸ ਦਾ ਸਖ਼ਤ ਵਿਰੋਧ ਕਰਨਗੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਕਾਸ਼ਿਤ ਵੋਟਰ ਸੂਚੀ ਨਾਲ ਕੋਈ ਵੀ ਛੇੜਛਾੜ ਨਾ ਕੀਤੀ ਜਾਵੇ ਅਤੇ ਚੋਣ ਅਮਲ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੀ ਪ੍ਰਕਿਰਿਆ ਚੋਣ ਨਿਯਮਾਂ ਅਤੇ ਮਿੱਥੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਚੱਲ ਰਹੀ ਹੈ। ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਜੇਕਰ ਕਿਸੇ ਵਿਅਕਤੀ ਨੂੰ ਵੋਟਰ ਸੂਚੀ ਬਾਰੇ ਕੋਈ ਇਤਰਾਜ਼ ਜਾਂ ਦਾਅਵਾ ਹੈ, ਤਾਂ ਉਸ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਹੀ ਵਿਚਾਰਿਆ ਜਾਵੇਗਾ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਵਿਅਕਤੀ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਈਆਂ ਜਾਣਗੀਆਂ।