ਸੱਤ ਸਾਲਾਂ ਵਿੱਚ 9594 ਮਰੀਜ਼ ਆਏ ਸਾਹਮਣੇ, 2026 ਦੇ ਚਾਰ ਮਹੀਨਿਆਂ ਵਿੱਚ ਹੀ 474 ਨਵੇਂ ਕੇਸ ਦਰਜ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਐੱਚਆਈਵੀ/ਏਡਜ਼ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਿਛਲੇ ਸੱਤ ਸਾਲ ਦੌਰਾਨ ਜ਼ਿਲ੍ਹੇ ’ਚ ਕੁੱਲ 9594 ਐੱਚਆਈਵੀ ਪੀੜਤ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਹਰ ਸਾਲ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਜਿਸ ਕਾਰਨ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਦੱਸੀ ਹੈ। ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਇਸ ਸਬੰਧੀ ਸਿਹਤ ਵਿਭਾਗ ਨੂੰ ਇਕ ਆਰਟੀਆਈ ਪਾ ਕੇ ਜਾਣਕਾਰੀ ਮੰਗੀ ਸੀ, ਜਿਸ ਤਹਿਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸਾਲ 2019 ਵਿੱਚ ਜ਼ਿਲ੍ਹੇ ’ਚ 1130 ਲੋਕ ਐਚਆਈਵੀ/ਏਡਜ਼ ਤੋਂ ਪੀੜਤ ਪਾਏ ਗਏ ਸਨ। ਇਹ ਗਿਣਤੀ ਲਗਾਤਾਰ ਵਧਦੀ ਰਹੀ ਹੈ ਤੇ ਸਾਲ 2025 ਤਕ 1358 ਮਰੀਜ਼ ਦਰਜ ਕੀਤੇ ਗਏ। ਸਾਲ 2023 ਦੌਰਾਨ ਸਭ ਤੋਂ ਵੱਧ 1820 ਲੋਕ ਇਸ ਬਿਮਾਰੀ ਨਾਲ ਪੀੜਤ ਪਾਏ ਗਏ, ਜੋ ਕਿ ਸਿਹਤ ਵਿਭਾਗ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ। ਉੱਥੇ ਹੀ ਸਾਲ 2026 ਦੇ ਪਹਿਲੇ ਚਾਰ ਮਹੀਨਿਆਂ ’ਚ ਹੀ 474 ਨਵੇਂ ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਗਿਣਤੀ ਹੋਰ ਵੱਧ ਸਕਦੀ ਹੈ। ਸਿਹਤ ਮਾਹਿਰਾਂ ਅਨੁਸਾਰ ਐੱਚਆਈਵੀ/ਏਡਜ਼ ਫੈਲਣ ਦੇ ਕਈ ਕਾਰਨ ਹਨ। ਅਸੁਰੱਖਿਅਤ ਸਰੀਰਕ ਸਬੰਧ ਇਸ ਬਿਮਾਰੀ ਦੇ ਫੈਲਾਅ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਨਸ਼ੇ ਲਈ ਇੱਕੋ ਸੂਈ ਦੀ ਵਰਤੋਂ ਕਰਨਾ, ਦੂਸ਼ਿਤ ਖੂਨ ਚੜ੍ਹਾਉਣਾ, ਗਰਭਵਤੀ ਮਾਂ ਤੋਂ ਬੱਚੇ ਤਕ ਇਨਫੈਕਸ਼ਨ ਪਹੁੰਚਣਾ ਤੇ ਜਾਗਰੂਕਤਾ ਦੀ ਘਾਟ ਵੀ ਇਸ ਬਿਮਾਰੀ ਦੇ ਫੈਲਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕਈ ਲੋਕ ਅਜੇ ਵੀ ਸਮਾਜਕ ਡਰ ਤੇ ਲੋਕਾਂ ਦੀ ਸੋਚ ਕਾਰਨ ਆਪਣੀ ਜਾਂਚ ਕਰਵਾਉਣ ਤੋਂ ਕਤਰਾਉਂਦੇ ਹਨ। ਇਸ ਕਾਰਨ ਬਿਮਾਰੀ ਸਮੇਂ ਸਿਰ ਪਤਾ ਨਹੀਂ ਲੱਗਦੀ ਤੇ ਦੂਜਿਆਂ ਤਕ ਵੀ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।
ਮਾਹਿਰਾਂ ਮੁਤਾਬਕ ਐੱਚਆਈਵੀ ਦਾ ਸਮੇਂ ਸਿਰ ਪਤਾ ਲੱਗਣ ਅਤੇ ਨਿਯਮਿਤ ਇਲਾਜ ਨਾਲ ਮਰੀਜ਼ ਲੰਬਾ ਅਤੇ ਸਧਾਰਣ ਜੀਵਨ ਬਤੀਤ ਕਰ ਸਕਦਾ ਹੈ। ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ’ਚ ਮੁਫ਼ਤ ਐੱਚਆਈਵੀ ਟੈਸਟ ਅਤੇ ਦਵਾਈਆਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਕੂਲਾਂ, ਕਾਲਜਾਂ ਤੇ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਸੁਰੱਖਿਅਤ ਤਰੀਕੇ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਐੱਚਆਈਵੀ ਕੋਈ ਛੂਤ ਦੀ ਬਿਮਾਰੀ ਨਹੀਂ ਹੈ ਤੇ ਇਹ ਹੱਥ ਮਿਲਾਉਣ, ਇਕੱਠੇ ਬੈਠਣ ਜਾਂ ਖਾਣ-ਪੀਣ ਨਾਲ ਨਹੀਂ ਫੈਲਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਚਆਈਵੀ ਪੀੜਤਾਂ ਨਾਲ ਭੇਦਭਾਵ ਨਾ ਕੀਤਾ ਜਾਵੇ ਤੇ ਉਨ੍ਹਾਂ ਦਾ ਮਨੋਬਲ ਵਧਾਇਆ ਜਾਵੇ। ਸਿਹਤ ਮਾਹਿਰਾਂ ਨੇ ਕਿਹਾ ਕਿ ਜੇਕਰ ਲੋਕ ਜਾਗਰੂਕਤਾ, ਸਾਵਧਾਨੀ ਅਤੇ ਸਮੇਂ ਸਿਰ ਜਾਂਚ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਤਾਂ ਇਸ ਬਿਮਾਰੀ ਦੇ ਫੈਲਾਅ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਖਾਸ ਤੌਰ ‘ਤੇ ਸਾਵਧਾਨ ਰਹਿਣ ਅਤੇ ਸੁਰੱਖਿਅਤ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ ਹੈ।
-ਬਾਕਸ-
-ਕਿਹੜੇ ਸਾਲ ਕਿੰਨੇ ਮਰੀਜ਼ ਆਏ ਸਾਹਮਣੇ
ਸਾਲ ਮਰੀਜ਼ਾਂ ਦੀ ਗਿਣਤੀ
2019 1130
2020 1003
2021 1075
2022 1775
2023 1820
2024 1463
2025 1358
2026 ਦੇ ਅਪ੍ਰੈਲ ਤਕ 474 ਮਰੀਜ਼।