ਬਠਿੰਡਾ ਦੇ ਟਾਪਰਾਂ ਦੇ ਵੱਡੇ ਸੁਪਨੇ, ਬਣਨਾ ਚਾਹੁੰਦੇ ਨੇ ਡਾਕਟਰ, ਇੰਜਨੀਅਰ ਤੇ ਪ੍ਰਸ਼ਾਸਨਿਕ ਅਧਿਕਾਰੀ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜਿਆਂ ’ਚ ਜ਼ਿਲ੍ਹੇ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਟੀਚਾ ਦੇਸ਼ ਦੀ ਸੇਵਾ ਕਰਨਾ ਹੈ। ਕੋਈ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਇੰਜੀਨੀਅਰ ਬਣ ਕੇ ਸਮਾਜ ’ਚ ਆਪਣਾ ਯੋਗਦਾਨ ਪਾਉਣ ਦਾ ਸੁਪਨਾ ਦੇਖ ਰਿਹਾ ਹੈ। ਤਿੰਨਾਂ ਹੀ ਟੌਪਰਜ਼ ਨੇ ਕਿਹਾ ਕਿ ਉਨ੍ਹਾਂ ਦੀ ਸਫਲਤਾ ਦੇ ਪਿੱਛੇ ਸਮੇਂ ਦੀ ਸਹੀ ਵਰਤੋਂ, ਲਗਾਤਾਰ ਅਭਿਆਸ ਤੇ ਪਰਿਵਾਰ ਦਾ ਪੂਰਾ ਸਹਿਯੋਗ ਰਿਹਾ ਹੈ। ਉਨ੍ਹਾਂ ਨੇ ਹੋਰ ਵਿਦਿਆਰਥੀਆਂ ਨੂੰ ਵੀ ਮਿਹਨਤ ਤੇ ਅਨੁਸ਼ਾਸਨ ਨਾਲ ਪੜ੍ਹਾਈ ਕਰਨ ਦੀ ਸਲਾਹ ਦਿੱਤੀ। ਮਾਪਿਆਂ ਨੇ ਵੀ ਆਪਣੇ ਬੱਚਿਆਂ ਦੀ ਇਸ ਕਾਮਯਾਬੀ ‘ਤੇ ਮਾਣ ਪ੍ਰਗਟਾਇਆ। ਸਿੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਨਤੀਜੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਬਣਦੇ ਹਨ ਤੇ ਉਹਨਾਂ ਨੂੰ ਆਪਣੇ ਟੀਚਿਆਂ ਪ੍ਰਤੀ ਗੰਭੀਰ ਹੋ ਕੇ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਖਾਲਸਾ ਸਕੂਲ ਦੀ ਵਿਦਿਆਰਥਣ ਸਵਪਨਦੀਪ ਕੌਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ। ਸਵਪਨਦੀਪ ਕੌਰ ਨੇ ਕਿਹਾ ਕਿ ਉਸਦਾ ਸੁਪਨਾ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਹੈ। ਉਹ ਬਚਪਨ ਤੋਂ ਹੀ ਮੈਡੀਕਲ ਖੇਤਰ ’ਚ ਜਾਣ ਦੀ ਇੱਛਾ ਰੱਖਦੀ ਸੀ ਅਤੇ ਇਸੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਨੇ ਲਗਾਤਾਰ ਮਿਹਨਤ ਕੀਤੀ। ਉਸਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਹਤ ਸੇਵਾਵਾਂ ਦੀ ਬਹੁਤ ਲੋੜ ਹੈ ਤੇ ਉਹ ਭਵਿੱਖ ਵਿਚ ਇਕ ਚੰਗੀ ਡਾਕਟਰ ਬਣ ਕੇ ਗਰੀਬਾਂ ਦੀ ਮਦਦ ਕਰਨਾ ਚਾਹੁੰਦੀ ਹੈ। ਹੁਣ ਉਹ ਨੀਟ ਦੀ ਤਿਆਰੀ ਕਰੇਗੀ।
ਜ਼ਿਲ੍ਹੇ ਵਿੱਚੋਂ ਦੂਜੇ ਸਥਾਨ ’ਤੇ ਰਹਿਣ ਵਾਲੀ ਮਾਸਟਰ ਮਾਈਡ ਸਕੂਲ ਬੰਗੀ ਰੁਘੂ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਵੀ ਆਪਣੀ ਸਫਲਤਾ ‘ਤੇ ਖੁਸ਼ੀ ਪ੍ਰਗਟਾਈ। ਗੁਰਲੀਨ ਕੌਰ ਨੇ ਕਿਹਾ ਕਿ ਉਸਦਾ ਟੀਚਾ ਪ੍ਰਸ਼ਾਸਨਿਕ ਅਧਿਕਾਰੀ ਬਣਨਾ ਹੈ ਤਾਂ ਜੋ ਉਹ ਸਮਾਜ ਤੇ ਦੇਸ਼ ਲਈ ਇਮਾਨਦਾਰੀ ਨਾਲ ਕੰਮ ਕਰ ਸਕੇ। ਉਸਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਪ੍ਰਸ਼ਾਸਨਿਕ ਪ੍ਰਣਾਲੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤੇ ਉਹ ਭਵਿੱਖ ’ਚ ਇਕ ਇਮਾਨਦਾਰ ਅਤੇ ਲੋਕ-ਹਿਤੈਸ਼ੀ ਅਧਿਕਾਰੀ ਬਣ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦੀ ਹੈ। ਗੁਰਲੀਨ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਦੀ ਪ੍ਰੇਰਣਾ ਅਤੇ ਅਧਿਆਪਕਾਂ ਦੀ ਰਹਿਨੁਮਾਈ ਨੂੰ ਦਿੱਤਾ। ਉਸਨੇ ਦੱਸਿਆ ਕਿ ਉਹ ਹੁਣ ਪੀਸੀਐਸ ਦੀ ਤਿਆਰ ਕਰੇਗੀ ਤੇ ਇਸ ਤਰ੍ਹਾਂ ਮਿਹਨਤ ਨਾਲ ਆਪਣੀ ਅਗਲੀ ਮੰਜ਼ਿਲ ਸਰ ਕਰੇਗੀ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ 12ਵੀਂ ਦੇ ਨਤੀਜਿਆਂ ’ਚ ਵਿਦਿਆਰਥੀ ਵਰੁਣ ਨੇ ਜ਼ਿਲ੍ਹਾ ਪੱਧਰ 'ਤੇ ਤੀਜਾ ਸਥਾਨ ਅਤੇ ਰਾਜ ਵਿੱਚ ਦਸਵਾਂ ਸਥਾਨ ਪ੍ਰਾਪਤ ਕੀਤਾ ਹੈ। ਰਾਮਪੁਰਾ ਫੂਲ ਦੀ ਇਕ ਦੁੱਧ ਡੇਅਰੀ ਸੰਚਾਲਕ, ਨਿਰਮਲ ਕੁਮਾਰ ਤੇ ਰੀਟਾ ਰਾਣੀ ਦਾ ਇਹ ਹੋਣਹਾਰ ਪੁੱਤਰ ਇੰਜੀਨੀਅਰ ਬਣਨ ਤੇ ਤਕਨੀਕੀ ਖੇਤਰ ਵਿੱਚ ਕਰੀਅਰ ਬਣਾਉਣ ਦੀ ਇੱਛਾ ਰੱਖਦਾ ਹੈ। ਵਰੁਣ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਰੋਜ਼ਾਨਾ ਅੱਠ ਤੋਂ ਦਸ ਘੰਟੇ ਪੜ੍ਹਾਈ ਕਰਦਾ ਹੈ। ਪ੍ਰਾਪਤੀਆਂ ਦਾ ਇਹ ਸਿਲਸਿਲਾ ਉਦੋਂ ਤੋਂ ਹੀ ਨਿਰੰਤਰ ਹੈ ਜਦੋਂ ਤੋਂ ਉਸਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਅਕਸਰ ਆਪਣੀ ਜਮਾਤ ’ਚ ਟਾਪਰ, ਵਰੁਣ ਨੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਸੂਬੇ ’ਚ ਗਿਆਰ੍ਹਵਾਂ ਸਥਾਨ ਪ੍ਰਾਪਤ ਕੀਤਾ। 10ਵੀਂ ਦੀਆਂ ਪ੍ਰੀਖਿਆਵਾਂ ’ਚ ਉਹ ਸਿਰਫ਼ ਇਕ ਅੰਕ ਨਾਲ ਮੈਰਿਟ ਸੂਚੀ ਵਿੱਚ ਖੁੰਝ ਗਿਆ। ਆਪਣੀ ਸਖ਼ਤ ਮਿਹਨਤ, ਇਕਸਾਰ ਅਭਿਆਸ, ਆਪਣੇ ਮਾਪਿਆਂ ਦੇ ਸਮਰਥਨ ਤੇ ਆਪਣੇ ਅਧਿਆਪਕਾਂ ਦੇ ਸਮੇਂ ਸਿਰ ਮਾਰਗਦਰਸ਼ਨ ਨੂੰ ਸਿਹਰਾ ਦਿੰਦੇ ਹੋਏ, ਵਰੁਣ ਕਹਿੰਦਾ ਹੈ ਕਿ ਉਸਦੀ ਸਖ਼ਤ ਮਿਹਨਤ, ਇਕਸਾਰ ਅਭਿਆਸ ਤੇ ਆਪਣੇ ਅਧਿਆਪਕਾਂ ਦੇ ਇਕਸਾਰ ਮਾਰਗਦਰਸ਼ਨ ਨੇ ਉਸਦੀ ਯਾਤਰਾ ਨੂੰ ਸੌਖਾ ਬਣਾ ਦਿੱਤਾ ਹੈ।