ਭਾਜਪਾ ਵੱਲੋਂ ਮੁੱਖ ਮੰਤਰੀ ਵਿਰੁੱਧ ਐੱਸਐੱਸਪੀ ਨੂੰ ਮੰਗ ਪੱਤਰ
ਭਾਜਪਾ ਨੇ ਮੁੱਖ ਮੰਤਰੀ ਵਿਰੁੱਧ ਐਸਐਸਪੀ ਨੂੰ ਦਿੱਤਾ ਮੰਗ ਪੱਤਰ
Publish Date: Wed, 13 May 2026 05:13 PM (IST)
Updated Date: Thu, 14 May 2026 04:13 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਬੀਤੇ ਦਿਨੀ ਪੰਜਾਬ ਵਿਚ ਬੰਬ ਧਮਾਕਿਆਂ ਲਈ ਭਾਜਪਾ ਨੂੰ ਜ਼ਿੰਮੇਵਾਰ ਦੱਸਣ ਵਾਲੇ ਬਿਆਨ ਤੋਂ ਬਾਅਦ ਭਾਜਪਾ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦਾ ਵਿਰੋਧ ਕਰ ਰਹੀ ਹੈ ਤੇ ਕਾਰਵਾਈ ਕਰਵਾਉਣ ਲਈ ਬਜ਼ਿਦ ਨਜ਼ਰ ਆ ਰਹੀ। ਅੱਜ ਬਠਿੰਡਾ ਵਿਖੇ ਭਾਜਪਾ ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਤੇ ਭਾਜਪਾ ਜਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ‘ਚ ਭਾਜਪਾ ਆਗੂਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਐੱਸਐੱਸਪੀ ਜਯੋਤੀ ਯਾਦਵ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਨ ਲਈ ਮੰਗ ਪੱਤਰ ਦਿੱਤਾ। ਭਾਜਪਾ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ, ਮੁੱਖ ਮੰਤਰੀ ਦੀ ਝੂਠੀ ਤੇ ਬੇਤੁੱਕੀ ਬਿਆਨਬਾਜ਼ੀ ਨਾਲ ਰਾਸ਼ਟਰੀ ਪਾਰਟੀ ਭਾਜਪਾ ਦੇ ਅਕਸ ਨੂੰ ਢਾਹ ਲਾਉਣ ਵਾਲੀ ਹੈ। ਸੂਬੇ ਵਿਚ ਅਮਨ ਕਨੂੰਨ ਦੀ ਸਥਿਤੀ ਲਈ ਮੁੱਖ ਮੰਤਰੀ ਖੁਦ ਗ੍ਰਹਿ ਮੰਤਰੀ ਹੋਣ ਕਾਰਨ ਜ਼ਿੰਮੇਵਾਰ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਸੂਬੇ ’ਚ ਅਮਨ ਸ਼ਾਂਤੀ ਕਾਇਮ ਰੱਖਣ ਦਾ ਭਰੋਸਾ ਦੇਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਭਾਜਪਾ ’ਤੇ ਦੋਸ਼ ਲਾ ਕੇ ਆਪਣੀ ਨਾਕਾਮੀ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਤੇ ਝੂਠੀ ਬਿਆਨ ਬਾਜੀ ਲਈ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਮਲੂਕਾ ਤੇ ਸਰੂਪ ਸਿੰਗਲਾ ਨੇ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਲਈ ਵੀ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ। ਭਾਜਪਾ ਆਗੂਆਂ ਅਨੁਸਾਰ ਐੱਸਐੱਸਪੀ ਜਯੋਤੀ ਯਾਦਵ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਨਿਰਪੱਖ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵਚਨਬੱਧ ਹੈ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦੀ ਧੱਕਾਸ਼ਾਹੀ ਜਾਂ ਗੁੰਡਗਰਦੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਵਰਿੰਦਰ ਸ਼ਰਮਾ, ਆਸ਼ੂਤੋਸ਼ ਤਿਵਾੜੀ ਆਦਿ ਵੀ ਹਾਜ਼ਰ ਸਨ। ਉਕਤ ਜਾਣਕਾਰੀ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਦਿੱਤੀ।