ਜ਼ਿਲ੍ਹੇ ’ਚੋਂ 12ਵੇਂ ਨੰਬਰ ’ਤੇ ਰਹੀ 10ਵੀਂ ਦੀ ਸੁਖਮਨੀ ਕੌਰ
ਦਸਵੀ ਦੀ ਵਿਦਿਆਰਥਣ ਨੇ ਜ਼ਿਲ੍ਹੇ ’ਚੋਂ 12 ਵਾਂ ਸਥਾਨ ਪ੍ਰਾਪਤ ਕੀਤਾ
Publish Date: Tue, 12 May 2026 06:13 PM (IST)
Updated Date: Wed, 13 May 2026 04:06 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਹਾਈ ਸਕੂਲ ਭੁੱਚੋ ਮੰਡੀ ਦੀ ਵਿਦਿਆਰਥਣ ਨੇ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸਕੂਲ, ਮਾਪੇ ਅਤੇ ਇਲਾਕੇ ਦਾ ਨਾਮ ਉੱਚਾ ਚੁੱਕਿਆ ਹੈ। ਇਸ ਸਬੰਧੀ ਸਕੂਲ ਮੁਖੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ ਦੀ 10ਵੀਂ ਦੀ ਹੋਣਹਾਰ ਵਿਦਿਆਰਥਣ ਸੁਖਮਨੀ ਕੌਰ ਪੁੱਤਰੀ ਜਗਸੀਰ ਸਿੰਘ ਵਾਸੀ ਭੁੱਚੋ ਮੰਡੀ ਨੇ ਮਾਣਮੱਤੀ ਪ੍ਰਾਪਤੀ ਹਾਸਲ ਕਰਦੇ ਹੋਏ 626/650 ਅੰਕ ਲੈ ਕੇ ਪੰਜਾਬ ਪੱਧਰੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕੀਤਾ। ਇਸ ਖੁਸ਼ੀ ਮੌਕੇ ਬੱਚੀ ਸੁਖਮਨੀ ਕੌਰ ਦਾ ਸਕੂਲ ਵਿੱਚ ਹਾਰ ਪਾ ਕੇ ਹੌਸਲਾ ਵਧਾਇਆ ਅਤੇ ਅੱਗੇ ਤੋਂ ਹੋਰ ਮਿਹਨਤ ਕਰਕੇ ਸਫਲਤਾ ਦੀਆਂ ਬੁਲੰਦੀਆਂ ਪ੍ਰਾਪਤ ਕਰਨ ਲਈ ਪ੍ਰੇਰਿਆ। ਮੁੱਖ ਅਧਿਆਪਕਾ ਨੇ ਦੱਸਿਆ ਕਿ ਸਾਡੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਵਿੱਚ ਕੁੱਲ 74 ਬੱਚਿਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਸਾਰੇ ਹੀ ਬੱਚੇ ਇਸ ਪ੍ਰੀਖਿਆ ਵਿੱਚੋਂ ਵਧੀਆ ਅੰਕ ਲੈ ਕੇ ਪਾਸ ਹੋਏ ਹਨ। 6 ਵਿਿਦਆਰਥੀਆਂ ਨੇ 90 ਫੀਸਦੀ ਤੋਂ ਉੱਪਰ ਅਤੇ 17 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਜ਼ਿਲ੍ਹਾ ਬਠਿੰਡਾ ਵਿੱਚੋਂ ਸੁਖਮਨੀ ਕੌਰ ਨੇ 12ਵਾਂ ਸਥਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਮਮਤਾ ਖੁਰਾਣਾ, ਉਪ ਜਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਨੇ ਸਟਾਫ ਅਤੇ ਸੁਖਮਨੀ ਕੌਰ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।