ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ
ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ
Publish Date: Tue, 12 May 2026 05:12 PM (IST)
Updated Date: Wed, 13 May 2026 04:03 AM (IST)
ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਨੇ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਧੂਏਂ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਕਰਕੇ ਜਿੱਥੇ ਵਾਤਾਵਰਨ ਗੰਧਲਾ ਹੁੰਦਾ ਹੈ, ਉਥੇ ਮਨੁੱਖੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਦੇ ਨਾਲ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਧਰਤੀ ਦਾ ਤਾਪਮਾਨ ਵਧਣ ਕਰਕੇ ਮਿੱਟੀ ਵਿਚਲੇ ਸੂਖਮ ਜੀਵ, ਗੰਡੋਏ ਆਦਿ ਮਰ ਜਾਂਦੇ ਹਨ, ਖੇਤਾਂ ਸੜਕਾਂ ਕੰਢੇ ਰੁੱਖ ਵੀ ਸੜਨ ਦਾ ਖਦਸ਼ਾ ਰਹਿੰਦਾ ਹੈ ਤੇ ਨਾੜ ਨੂੰ ਅੱਗ ਲਗਾਉਣ ਨਾਲ ਨਾੜ ਵਿੱਚ ਮੌਜੂਦ ਮਿੱਟੀ ਦੀ ਸਿਹਤ ਸੁਧਾਰਨ ਵਾਲੇ ਖੁਰਾਕੀ ਤੱਤ ਜੈਵਿਕ ਮਾਦਾ, ਨਾਈਟ੍ਰੋਜਨ, ਪੋਟਾਸ਼ ਆਦਿ ਨਸ਼ਟ ਹੋ ਜਾਂਦੇ ਹਨ। ਕਿਸਾਨ ਭਰਾ ਕਣਕ ਦੀ ਫ਼ਸਲ ਦੀ ਕਟਾਈ ਅਤੇ ਨਾੜ ਦੀ ਤੂੜੀ ਬਣਾਉਣ ਤੋਂ ਬਾਅਦ ਬਾਕੀ ਬਚੀ ਹੋਈ ਰਹਿੰਦ-ਖੂੰਹਦ ਨੂੰ ਤਵੀਆਂ, ਰੋਟਾਵੇਟਰ ਆਦਿ ਨਾਲ ਹੀ ਖੇਤਾਂ ਵਿੱਚ ਮਿਲਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਾਣਯੋਗ ਐਨ.ਜੀ.ਟੀ. ਦੇ ਹੁਕਮਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਲਗਾਉਣ ਉਪਰ ਪੂਰਨ ਪਾਬੰਦੀ ਹੈ।