ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਕਾਬੂ, 23 ਗ੍ਰਾਮ ਹੈਰੋਇਨ ਬਰਾਮਦ

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਜ਼ਿਲ੍ਹੇ ’ਚ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 7 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਕਰੀਬ 22.90 ਗ੍ਰਾਮ ਹੈਰੋਇਨ ਤੇ 60 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ। ਕਥਿਤ ਦੋਸ਼ੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਨਸ਼ਾ ਵਿਰੋਧੀ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਸਥਾਨਕ ਮਲੋਟ ਰੋਡ ਤੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ 7.50 ਗ੍ਰਾਮ ਹੈਰੋਇਨ ਬਰਾਮਦ ਕੀਤੀ। ਹੌਲਦਾਰ ਗਗਨਦੀਪ ਸਿੰਘ ਅਨੁਸਾਰ ਰੋਜ਼ਾਨਾ ਦੀ ਗਸ਼ਤ ਦੌਰਾਨ ਜਦ ਪੁਲਿਸ ਪਾਰਟੀ ਮਲੋਟ ਰੋਡ ’ਤੇ ਪਹੁੰਚੀ ਤਾਂ ਇਕ ਵਿਅਕਤੀ ਨੂੰ ਸ਼ੱਕੀ ਹਾਲਾਤ ’ਚ ਘੁੰਮਦੇ ਵੇਖਿਆ। ਉਕਤ ਵਿਅਕਤੀ ਨੇ ਪੁਲਿਸ ਨੂੰ ਵੇਖ ਕੇ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ, ਸ਼ੱਕ ਪੈਣ ’ਤੇ ਉਕਤ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ। ਕਥਿਤ ਦੋਸ਼ੀ ਬੂਟਾ ਸਿੰਘ ਵਾਸੀ ਪਿੰਡ ਬਹਿਮਣ ਦੀਵਾਨਾ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਹੈ।
ਇਸੇ ਤਰਾਂ ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਲਖਮਣ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਬੀਬੀ ਵਾਲਾ ਚੌਕ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਆਰੁਣ ਕੁਮਾਰ ਵਾਸੀ ਸ਼ਕਤੀ ਵਿਹਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 2.40 ਗ੍ਰਾਮ ਹੈਰੋਇਨ ਬਰਾਮਦ ਹੋਈ। ਕਥਿਤ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਹੈ। ਥਾਣਾ ਨੇਹੀਆਂਵਾਲਾ ਦੇ ਹੌਲਦਾਰ ਪਰਮਵੀਰ ਸਿੰਘ ਅਨੁਸਾਰ ਗੋਨਿਆਣਾ ਮੰਡੀ ਇਲਾਕੇ ’ਚ ਗਸ਼ਤ ਦੌਰਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ ਨੂੰ ਗੋਨਿਆਣਾ ਮੰਡੀ ਤੋਂ ਕਾਬੂ ਕਰਕੇ ਉਸ ਕੋਲੋਂ 2.45 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਕੋਟਫੱਤਾ ਦੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਬੁਰਜ ਸੇਮਾ ਇਲਾਕੇ ’ਚ ਮੌਜੂਦ ਸੀ। ਇਸ ਦੌਰਾਨ ਗੁਰਤੇਜ ਸਿੰਘ ਵਾਸੀ ਚਨਾਰਥਲ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 2.20 ਗ੍ਰਾਮ ਹੈਰੋਇਨ ਮਿਲੀ। ਜਿਸ ਤੋਂ ਬਾਅਦ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਨਸ਼ਾ ਵਿਰੋਧੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਸੁਖਜੰਟ ਸਿੰਘ ਨੇ ਦੱਸਿਆ ਕਿ ਨਰ ਸਿੰਘ ਕਾਲੋਨੀ ਵਿੱਚ ਗਸ਼ਤ ਦੌਰਾਨ ਗੁਰਮੀਤ ਸਿੰਘ ਵਾਸੀ ਨਰ ਸਿੰਘ ਕਾਲੋਨੀ ਨੂੰ ਕਾਬੂ ਕਰਕੇ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਭਗਤਾ ਦੇ ਹੌਲਦਾਰ ਦਲਜੀਤ ਸਿੰਘ ਅਨੁਸਾਰ ਪੁਲਿਸ ਪਾਰਟੀ ਪੂਹਲਾ ਨਹਿਰ ਨੇੜੇ ਮੌਜੂਦ ਸੀ। ਇਸ ਦੌਰਾਨ ਗੁਰਦਿੱਤ ਸਿੰਘ ਵਾਸੀ ਪੂਹਲਾ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 6.35 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਭਗਤਾ ਦੇ ਹੌਲਦਾਰ ਗੁਰਜੀਵਨ ਸਿੰਘ ਨੇ ਦੱਸਿਆ ਕਿ ਲਹਿਰਾ ਬੇਗਾ ਵਿਖੇ ਕੀਤੀ ਨਾਕਾਬੰਦੀ ਦੌਰਾਨ ਨਿਰਭੈ ਸਿੰਘ ਵਾਸੀ ਲਹਿਰਾ ਮੁਹੱਬਤ ਨੂੰ ਕਾਬੂ ਕਰਕੇ ਉਸ ਕੋਲੋਂ 60 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ। ਕਥਿਤ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।