ਨੌਜਵਾਨ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ, ਸੱਤ ਖ਼ਿਲਾਫ਼ ਪਰਚਾ
ਨੌਜਵਾਨ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ, ਸੱਤ ਜਣਿਆਂ ਤੇ ਪਰਚਾ ਦਰਜ
Publish Date: Tue, 12 May 2026 04:15 PM (IST)
Updated Date: Wed, 13 May 2026 04:00 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਲੜਾਈ ਝਗੜੇ ਦੇ ਦੋ ਮਾਮਲੇ ਸਾਹਮਣੇ ਆਏ ਹਨ। ਸਬੰਧਤ ਥਾਣਿਆਂ ਦੀ ਪੁਲਿਸ ਨੇ ਪੀੜਤ ਵਿਅਕਤੀਆਂ ਦੀ ਸ਼ਿਕਾਇਤ ’ਤੇ ਦਸ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਪਹਿਲਾ ਮਾਮਲਾ ਥਾਣਾ ਸਿਵਲ ਲਾਈਨ ਵਿਖੇ ਦਰਜ ਹੋਇਆ ਹੈ, ਜਿੱਥੇ ਇਕ ਨੌਜਵਾਨ ਨੂੰ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ ਵੱਲੋਂ ਅਗਵਾ ਕੀਤਾ ਗਿਆ ਤੇ ਜੀਪ ਵਿੱਚ ਸੁੱਟ ਕੇ ਕਿਸੇ ਪਿੰਡ ਦੇ ਸੂਏ ’ਤੇ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ’ਚ ਕੁੱਲ ਸੱਤ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।
ਜਦਕਿ ਦੂਜੇ ਮਾਮਲੇ ’ਚ ਲੜਾਈ-ਝਗੜਾ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਹੈ। ਪਹਿਲੇ ਮਾਮਲੇ ਸਬੰਧੀ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਵਾਸੀ ਕੋਠੇ ਇੰਦਰ ਸਿੰਘ ਵਾਲਾ ਮਹਿਮਾ ਸਵਾਈ ਨੇ ਸ਼ਿਕਾਇਤ ਦਿੱਤੀ ਸੀ ਕਿ ਲੰਘੀ 25 ਅਪ੍ਰੈਲ ਨੂੰ ਉਹ ਆਪਣੇ ਕੰਮ ਸਬੰਧੀ ਅਜੀਤ ਰੋਡ ਗਲੀ ਨੰਬਰ 14 ਵਿੱਚ ਜਾ ਰਿਹਾ ਸੀ । ਇਸ ਦੌਰਾਨ ਸਿਵਾ ਸ਼ਰਮਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਗਸੀਰ ਸ਼ਰਮਾ, ਹਰਜਿੰਦਰ ਸਿੰਘ ਸਾਬਕਾ ਸਰਪੰਚ ਜੀਦਾ, ਰਜਿੰਦਰ ਸਿੰਘ ਤੇ ਰਾਜਦੀਪ ਢਿੱਲੋਂ ਵਾਸੀ ਜਲਾਲ ਨੇ ਉਸ ਨੂੰ ਘੇਰ ਲਿਆ ਤੇ ਕੁੱਟਮਾਰ ਕੀਤੀ। ਪੀੜਤ ਨੇ ਦੱਸਿਆ ਕਿ ਬਾਅਦ ਵਿੱਚ ਕਥਿਤ ਦੋਸ਼ੀ ਉਸ ਨੂੰ ਗੱਡੀ ਵਿੱਚ ਬਿਠਾ ਕੇ ਗਿੱਲਪੱਤੀ ਸੂਏ ਕੋਲ ਲੈ ਗਏ ਜਿੱਥੇ ਮੁੜ ਉਸ ਨਾਲ ਕੁੱਟਮਾਰ ਕੀਤੀ। ਪੀੜਤ ਨੇ ਬਿਆਨ ਦਰਜ ਕਰਵਾਏ ਹਨ ਕਿ ਕਥਿਤ ਦੋਸ਼ੀਆਂ ਨੂੰ ਸ਼ੱਕ ਸੀ ਕਿ ਕਿਸੇ ਲੜਕੀ ਨੂੰ ਭਜਾਉਣ ਵਾਲੇ ਨੌਜਵਾਨ ਦਾ ਉਸ ਨੇ ਸਾਥ ਦਿੱਤਾ ਹੈ, ਜਿਸ ਕਾਰਨ ਉਸ ਦੀ ਕੁੱਟਮਾਰ ਕੀਤੀ ਗਈ ਤੇ ਸੱਟਾਂ ਮਾਰੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਨਥਾਣਾ ਦੇ ਸਹਾਇਕ ਥਾਣੇਦਾਰ ਸ਼ੇਰ ਸਿੰਘ ਨੇ ਦੱਸਿਆ ਹੈ ਕਿ ਜੁਗਰਾਜ ਸਿੰਘ ਉਰਫ ਰਾਜੂ ਵਾਸੀ ਕਲਿਆਣ ਸੁੱਖਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੰਘੀ 9 ਮਈ ਨੂੰ ਉਹ ਪਿੰਡ ਭੈਣੀ ਵਿੱਚ ਮੌਜੂਦ ਸੀ। ਇਸ ਦੌਰਾਨ ਜਸਮੇਲ ਸਿੰਘ ਵਾਸੀ ਕਲਿਆਣ ਸੁੱਖਾ ਤੇ ਉਸ ਦੇ ਸਾਥੀਆਂ–ਗਿਆਨੀ ਤੇ ਮੋਨਾ ਨੇ ਉਸ ਨਾਲ ਗਾਲੀ-ਗਲੌਚ ਕਰਦਿਆਂ ਕੁੱਟਮਾਰ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਦਕਿ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।