ਚੌਕ ਦੇ ਸੁੰਦਰੀਕਰਨ ਦੇ ਕੰਮ ਦਾ ਸਾਬਕਾ ਮੇਅਰ ਮਹਿਤਾ ਵੱਲੋਂ ਆਗਾਜ਼
ਚੌਕ ਦੇ ਸੁੰਦਰੀਕਰਨ ਦੇ ਕੰਮ ਦਾ ਸਾਬਕਾ ਮੇਅਰ ਮਹਿਤਾ ਨੇ ਕੀਤਾ ਆਗਾਜ਼
Publish Date: Mon, 11 May 2026 07:42 PM (IST)
Updated Date: Tue, 12 May 2026 04:12 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਥਾਨਕ ਸ਼ਹਿਰ ਨੂੰ ਨਵੀਂ ਦਿੱਖ ਦੇਣ ਅਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਨਗਰ ਨਿਗਮ ਦੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਸ਼ਹੀਦ ਜਰਨੈਲ ਸਿੰਘ ਚੌਕ ਦੇ ਸੁੰਦਰੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਭ ਤੋਂ ਪਹਿਲਾਂ ਅਰਦਾਸ ਕਰਕੇ ਗੁਰੂ ਸਾਹਿਬਾਨਾਂ ਦਾ ਸ਼ੁਕਰਾਨਾ ਕੀਤਾ ਗਿਆ, ਜਿਸ ਤੋਂ ਬਾਅਦ ਕੰਮ ਦਾ ਰਸਮੀ ਉਦਘਾਟਨ ਹੋਇਆ। ਸਮਾਗਮ ਦੌਰਾਨ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ, ਰਮੇਸ਼ ਕੁਮਾਰ ਮੇਸ਼ਾ, ਸ਼ਹੀਦ ਜਰਨੈਲ ਸਿੰਘ ਦੇ ਮਾਤਾ ਗੁਰਬਚਨ ਕੌਰ, ਭਰਾ ਬਲਵਿੰਦਰ ਸਿੰਘ, ਪੁੱਤਰ ਪਦਮਜੀਤ ਸਿੰਘ ਅਤੇ ਸਮਾਜ ਸੇਵੀ ਅਵਤਾਰ ਸਿੰਘ ਗੋਗਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਲਾਕੇ ਦੇ ਵੱਡੀ ਗਿਣਤੀ ਵਸਨੀਕ ਵੀ ਇਸ ਮੌਕੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਸ਼ਹਿਰ ਦੀ ਖੂਬਸੂਰਤੀ ਅਤੇ ਆਧੁਨਿਕ ਸਹੂਲਤਾਂ ਵਿੱਚ ਵਾਧਾ ਕਰਨ ਲਈ ਹ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਜਰਨੈਲ ਸਿੰਘ ਚੌਕ ਦੇ ਨਵੀਨੀਕਰਨ 'ਤੇ ਲਗਭਗ 11 ਲੱਖ ਰੁਪਏ ਖਰਚੇ ਜਾਣਗੇ। ਇਸ ਪ੍ਰਾਜੈਕਟ ਤਹਿਤ ਚੌਕ ਨੂੰ ਨਵੇਂ ਡਿਜ਼ਾਈਨ, ਸ਼ਾਨਦਾਰ ਰੋਸ਼ਨੀ ਅਤੇ ਹੋਰ ਵਧੀਆ ਸਹੂਲਤਾਂ ਨਾਲ ਸਜਾਇਆ ਜਾਵੇਗਾ, ਜੋ ਕਿ ਪੂਰੇ ਇਲਾਕੇ ਦੀ ਦਿੱਖ ਬਦਲ ਦੇਵੇਗਾ। ਮਹਿਤਾ ਨੇ ਅੱਗੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਦੀ ਯਾਦ ’ਚ ਬਣੇ ਸਮਾਰਕ ਸਾਡਾ ਸਰਮਾਇਆ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸੁੰਦਰ ਚੌਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਹੀਦਾਂ ਦੀ ਕੁਰਬਾਨੀ ਦੀ ਯਾਦ ਦਿਵਾਉਂਦਾ ਰਹੇਗਾ ਤੇ ਉਨ੍ਹਾਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ।