ਨਹਿਰੀ ਪਾਣੀ ਨਾ ਮਿਲਣ ’ਤੇ ਵਿਧਾਇਕ ਜਗਸੀਰ ਸਿੰਘ ਨੂੰ ਮੰਗ ਪੱਤਰ
700 ਏਕੜ ਜਮੀਨ ਨੂੰ ਨਹੀਂ ਮਿਲ ਰਿਹਾ ਨਹਿਰੀ ਪਾਣੀ, ਵਿਧਾਇਕ ਜਗਸੀਰ ਸਿੰਘ ਨੂੰ ਸੌਂਪਿਆ ਮੰਗ
Publish Date: Mon, 11 May 2026 07:40 PM (IST)
Updated Date: Tue, 12 May 2026 04:12 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਇੱਥੋਂ ਨੇੜਲੇ ਪਿੰਡ ਭੁੱਚੋ ਖੁਰਦ ਵਿਖੇ ਲੋਕਾਂ ਨੂੰ ਆ ਰਹੀਆਂ ਦੋ ਮੁੱਖ ਸਮੱਸਿਆਵਾਂ ਨੂੰ ਲੈਕੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ਵਿਖੇ ਮੰਗ ਪੱਤਰ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਨਾਲ ਗੱਲ ਕਰਦਿਆਂ ਭਾਕਿਯੂ ਏਕਤਾ ਡਕੌਂਦਾ ਧਨੇਰ ਦੇ ਆਗੂ ਅਮਰਜੀਤ ਹਨੀ ਤੇ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਪਿੰਡ ਭੁੱਚੋ ਖੁਰਦ ਵਿਖੇ ਪਿਛਲੇ ਲੰਮੇ ਸਮੇਂ ਤੋਂ 700 ਏਕੜ ਤੋਂ ਉੱਪਰ ਜ਼ਮੀਨ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਹੈ। ਪਿੰਡ ਦੇ ਨਹਿਰੀ ਖਾਲ ਟੁੱਟੇ ਹੋਏ ਹਨ। ਇਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾ ਕੇ ਨਹਿਰੀ ਪਾਣੀ ਹਰ ਖੇਤ ਤੇ ਹਰ ਘਰ ਤਕ ਪਹੁੰਚਾਇਆ ਜਾਵੇ। ਦੂਜੀ ਮੰਗ ਪਿੰਡ ਭੁੱਚੋ ਖੁਰਦ ਤੋਂ ਤੁੰਗਵਾਲੀ ਨੂੰ ਕੱਚਾ ਰਾਹ ਜਾਂਦਾ ਹੈ, ਜਿਸ ਦੀ ਲਿੰਕ ਰੋਡ ਸੜਕ ਬਣਾਈ ਜਾਵੇ। ਇਹ ਸੜਕ ਇਤਿਹਾਸਿਕ ਜਗ੍ਹਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਜੋੜਦੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਇਹ ਮਾਮਲਾ ਧਿਆਨ ’ਚ ਲਿਆਂਦਾ ਸੀ, ਪਿੰਡ ਖਾਲਾਂ ਦੀ ਸਥਿਤੀ ਨੂੰ ਅਧਿਕਾਰੀ ਦੇਖ ਕੇ ਵੀ ਗਏ ਸਨ ਤੇ ਆਪਣੇ ਵੱਲੋਂ ਰਿਪੋਰਟ ਬਣਾ ਕੇ ਉੱਪਰ ਅਧਿਕਾਰੀਆਂ ਨੂੰ ਭੇਜਣ ਦਾ ਭਰੋਸਾ ਵੀ ਦਿੱਤਾ ਸੀ, ਪਰ ਅੱਜ ਤਕ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋਇਆ। ਐੱਮਐੱਲਏ ਮਾਸਟਰ ਜਗਸੀਰ ਸਿੰਘ ਨੇ ਭਰੋਸਾ ਦਿੱਤਾ ਕਿ ਜਲਦ ਦੋਵੇਂ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਚਿਤਾਵਨੀ ਵੀ ਦਿੱਤੀ ਗਈ ਕਿ ਮੰਗਾਂ ਲਾਗੂ ਨਾ ਹੋਈਆਂ ਤਾਂ 20 ਜੁਲਾਈ ਨੂੰ ਪਿੰਡ ’ਚ ਮੀਟਿੰਗ ਕਰਕੇ ਅਗਲੇ ਸੰਘਰਸ਼ ਬਾਰੇ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਮੌਜੂਦਾ ਮੈਂਬਰ ਪੱਪੂ ਸਿੰਘ, ਸਮੁੰਦਰ ਸਿੰਘ ਸਰਾਭਾ, ਲਾਭ ਸਿੰਘ ਸੰਧੂ, ਗੁਰਪਾਲ ਸਿੰਘ ਭਾਈਕਾ ਹਾਜ਼ਰ ਸਨ।