ਮੁਲਾਜ਼ਮ 25 ਤੇ 26 ਮਈ ਨੂੰ ਕਰਨਗੇ ਦੋ ਦਿਨਾ ਦੇਸ਼ ਪੱਧਰੀ ਹੜਤਾਲ
ਮੁਲਾਜ਼ਮ 25 ਅਤੇ 26 ਮਈ ਨੂੰ ਕਰਨਗੇ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ
Publish Date: Mon, 11 May 2026 07:16 PM (IST)
Updated Date: Tue, 12 May 2026 04:10 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਟੇਟ ਬੈਂਕ ਆਫ ਇੰਡੀਆ ਦੀ ਸਭ ਤੋਂ ਵੱਡੀ ਮੁਲਾਜ਼ਮ ਜਥੇਬੰਦੀ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਦੇ ਬਠਿੰਡਾ ਮੋਡਿਊਲ ਦੇ ਡਿਪਟੀ ਜਨਰਲ ਸਕੱਤਰ ਕਾਮਰੇਡ ਰਮਨਦੀਪ ਸਿੰਘ ਤੇ ਅਸਿਸਟੈਂਟ ਜਨਰਲ ਸਕੱਤਰ ਕਾਮਰੇਡ ਇੰਦਰਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸਟੇਟ ਬੈਂਕ ਆਫ ਇੰਡੀਆ ਦੇ ਮੁਲਾਜ਼ਮ 25 ਤੇ 26 ਮਈ 2026 ਨੂੰ ਦੋ ਦਿਨਾਂ ਦੀ ਦੇਸ਼ ਪੱਧਰੀ ਹੜਤਾਲ ਕਰਨਗੇ। ਸਟੇਟ ਬੈਂਕ ਦੇ ਇਤਿਹਾਸ ਵਿੱਚ ਕਾਫੀ ਲੰਬੇ ਸਮੇਂ ਬਾਅਦ ਇਹ ਵੱਡੀ ਹੜਤਾਲ ਕੀਤੀ ਜਾ ਰਹੀ ਹੈ। ਇਸ ਹੜਤਾਲ ਦਾ ਮੁੱਖ ਕਾਰਨ ਬੈਂਕਾਂ ਵਿੱਚ ਲਗਾਤਾਰ ਵੱਧ ਰਹੀ ਆਊਟਸੋਰਸਿੰਗ, ਦਰਜਾ ਚਾਰ ਮੁਲਾਜ਼ਮਾਂ ਜਿਵੇਂ ਕਿ ਆਰਮਡ ਗਾਰਡ ਅਤੇ ਮੈਸੇਂਜਰਾਂ ਦੀ ਭਰਤੀ ਨਾ ਹੋਣਾ, ਕਰਮਚਾਰੀਆਂ ਉੱਤੇ ਵੱਧ ਰਿਹਾ ਕੰਮ ਦਾ ਦਬਾਅ ਤੇ ਹੋਰ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਹਨ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਬੈਂਕ ਪ੍ਰਬੰਧਨ ਨਾਲ ਲਗਾਤਾਰ ਗੱਲਬਾਤ ਰਾਹੀਂ ਇਹ ਮੁੱਦੇ ਹੱਲ ਕਰਨ ਲਈ ਗੰਭੀਰ ਯਤਨ ਕੀਤੇ ਗਏ ਸਨ, ਪਰ ਜਦੋਂ ਸਾਰੇ ਯਤਨ ਅਸਫਲ ਰਹੇ ਤਾਂ ਆਲ ਇੰਡੀਆ ਸਟੇਟ ਬੈਂਕ ਆਫ ਇੰਡੀਆ ਸਟਾਫ ਫੈੱਡਰੇਸ਼ਨ ਵੱਲੋਂ ਦੋ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੀਆਂ ਵੱਖ-ਵੱਖ ਬੈਂਕ ਮੁਲਾਜ਼ਮ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਇਸ ਹੜਤਾਲ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਅਤੇ ਬੈਂਕਿੰਗ ਖੇਤਰ ਦੇ ਭਵਿੱਖ ਦੀ ਰੱਖਿਆ ਲਈ ਇਸ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਇਕਜੁੱਟ ਹੋਣ।