ਕਰਾਟੇ ਚੈਂਪਿਅਨਸ਼ਿਪ ’ਚ ਖਿਡਾਰੀਆਂ ਨੇ ਹਾਸਲ ਕੀਤਾ ਦੂਜਾ ਸਥਾਨ
ਕਰਾਟੇ ਚੈਂਪਿਅਨਸ਼ਿਪ: ਬਠਿੰਡਾ ਦੇ ਖਿਡਾਰੀਆਂ ਨੇ ਲਿਆ ਦੂਜਾ ਸਥਾਨ
Publish Date: Mon, 11 May 2026 06:26 PM (IST)
Updated Date: Tue, 12 May 2026 04:07 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਲੁਧਿਆਣਾ ਵਿੱਚ 9 ਅਤੇ 10 ਮਈ ਨੂੰ ਕਰਵਾਈ ਗਈ ਸਬ ਜੂਨੀਅਰ ਪੰਜਾਬ ਸਟੇਟ ਕਰਾਟੇ ਚੈਂਪਿਅਨਸ਼ਿਪ ਵਿੱਚ ਬਠਿੰਡਾ ਜ਼ਿਲ੍ਹੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਪੰਜਾਬ ਵਿੱਚ ਆਪਣਾ ਨਾਮ ਰੌਸ਼ਨ ਕੀਤਾ। ਇਸ ਚੈਂਪਿਅਨਸ਼ਿਪ ਵਿੱਚ ਬਠਿੰਡਾ ਵੱਲੋਂ 38 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਅਤੇ ਕੁੱਲ 3 ਗੋਲਡ, 10 ਸਿਲਵਰ ਅਤੇ 17 ਬ੍ਰਾਂਜ਼ ਮੈਡਲ ਹਾਸਲ ਕਰਦੇ ਹੋਏ ਓਵਰਆਲ ਟ੍ਰਾਫੀ ਵਿੱਚ ਪੰਜਾਬ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਬਠਿੰਡਾ ਕਰਾਟੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ “ਰਾਜੂ ਢੱਡੇ” (ਹਲਕਾ ਵਿਧਾਨ ਸਭਾ ਮੌੜ) ਨੇ ਖਿਡਾਰੀਆਂ ਦੀ ਇਸ ਉਪਲੱਬਧੀ ‘ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਬਠਿੰਡਾ ਦੇ ਬੱਚੇ ਲਗਾਤਾਰ ਰਾਜ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਗੇ। ਉਨ੍ਹਾਂ ਨੇ ਕੋਚਾਂ, ਮਾਪਿਆਂ ਅਤੇ ਖਿਡਾਰੀਆਂ ਦੀ ਮਿਹਨਤ ਦੀ ਖੂਬ ਸ਼ਲਾਘਾ ਕੀਤੀ। ਸੰਗਠਨ ਦੇ ਸਕੱਤਰ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਨੇ ਗੋਲਡ ਮੈਡਲ ਜਿੱਤੇ ਹਨ, ਉਹ ਹੁਣ ਦੇਹਰਾਦੂਨ ਵਿੱਚ 3 ਤੋਂ 7 ਜੂਨ ਤਕ ਹੋਣ ਵਾਲੀ ਸਬ ਜੂਨੀਅਰ ਨੇਸ਼ਨਲ ਕਰਾਟੇ ਚੈਂਪਿਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਇਹ ਬਠਿੰਡਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਟੀਮ ਦੀ ਇਸ ਸਫਲਤਾ ਵਿੱਚ ਬੁਆਇਜ਼ ਟੀਮ ਕੋਚ ਮਾਨਿਕ ਕੁਮਾਰ, ਫੀਮੇਲ ਕੋਚ ਨੀਰੂ ਮਿੱਤਲ ਅਤੇ ਟੀਮ ਮੈਨੇਜਰ ਵਰਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਬਠਿੰਡਾ ਕਰਾਟੇ ਆਰਗੇਨਾਈਜ਼ੇਸ਼ਨ ਵੱਲੋਂ ਸਾਰੇ ਮੈਡਲ ਜੇਤੂ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਹੈ।