ਕਿਸਾਨ ਯੂਰੀਆ ਖਾਦ ਲੋੜ ਮੁਤਾਬਕ ਵਰਤਣ : ਮੁੱਖ ਖੇਤੀ ਅਫ਼ਸਰ
ਕਿਸਾਨ ਯੂਰੀਆ ਖਾਦ ਦੀ ਵਰਤੋਂ ਲੋੜ ਮੁਤਾਬਕ ਹੀ ਕਰਨ : ਮੁੱਖ ਖੇਤੀਬਾੜੀ ਅਫ਼ਸਰ
Publish Date: Mon, 11 May 2026 06:25 PM (IST)
Updated Date: Tue, 12 May 2026 04:07 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਸਾਉਣੀ ਦੀਆਂ ਫ਼ਸਲਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ। ਯੂਰੀਆ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਫਸਲਾਂ ਨੂੰ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ ਤੇ ਮਿੱਟੀ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਡਾ. ਹਰਪ੍ਰੀਤਪਾਲ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਝੋਨੇ ਦੀ ਫ਼ਸਲ ਲਈ ਪ੍ਰਤੀ ਏਕੜ 90 ਕਿਲੋਗ੍ਰਾਮ ਯੂਰੀਆ ਅਤੇ ਕਪਾਹ ਦੀ ਫ਼ਸਲ ਲਈ ਪ੍ਰਤੀ ਏਕੜ 120 ਕਿਲੋਗ੍ਰਾਮ ਯੂਰੀਆ ਦੀ ਲੋੜ ਹੁੰਦੀ ਹੈ। ਇਸ ਤੋਂ ਵੱਧ ਮਾਤਰਾ ਵਿੱਚ ਯੂਰੀਆ ਪਾਉਣ ਨਾਲ ਫ਼ਸਲ ਵਿੱਚ ਜ਼ਿਆਦਾ ਹਰਾ ਵਾਧਾ ਹੁੰਦਾ ਹੈ, ਕੀਟਾਂ ਅਤੇ ਬਿਮਾਰੀਆਂ ਦਾ ਹਮਲਾ ਵੱਧ ਸਕਦਾ ਹੈ ਅਤੇ ਫ਼ਸਲ ਦੇ ਡਿੱਗਣ ਦੀ ਸੰਭਾਵਨਾ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਯੂਰੀਆ ਦੀ ਲੋੜ ਨਾਲੋਂ ਵੱਧ ਵਰਤੋਂ ਨਾਲ ਕਿਸਾਨਾਂ ਦਾ ਖਰਚਾ ਵੱਧਦਾ ਹੈ ਅਤੇ ਭੂਮੀ, ਜਲ ਅਤੇ ਵਾਤਾਵਰਣ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਕਿਸਾਨ ਮਿੱਟੀ ਦੀ ਜਾਂਚ ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਹੀ ਖਾਦਾਂ ਦੀ ਵਰਤੋਂ ਕਰਨ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦ ਪ੍ਰਬੰਧਨ ਅਪਣਾਇਆ ਜਾਵੇ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਕਾਇਮ ਰਹੇ, ਖੇਤੀ ਦੀ ਲਾਗਤ ਘਟੇ ਅਤੇ ਫ਼ਸਲਾਂ ਤੋਂ ਵੱਧ ਅਤੇ ਗੁਣਵੱਤਾ ਵਾਲੀ ਪੈਦਾਵਾਰ ਪ੍ਰਾਪਤ ਹੋ ਸਕੇ।