ਪਰਾਲੀ ਦੇ ਡੰਪ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
ਗੰਗਾ ਅਬਲੂ ਵਿੱਚ ਪਰਾਲੀ ਦੇ ਵੱਡੇ ਡੰਪ ਨੂੰ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ
Publish Date: Mon, 11 May 2026 06:19 PM (IST)
Updated Date: Tue, 12 May 2026 04:06 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਗੰਗਾ ਅਬਲੂ ਵਿੱਚ ਐਤਵਾਰ ਅੱਧੀ ਰਾਤ ਨੂੰ ਪਰਾਲੀ ਦੇ ਇਕ ਵੱਡੇ ਡੰਪ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਬਠਿੰਡਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾਉਣ ਲਈ ਰਾਹਤ ਕਾਰਜ ਸ਼ੁਰੂ ਕੀਤਾ। ਤੇਜ਼ ਹਵਾਵਾਂ ਕਾਰਨ ਅੱਗ ਬੁਝਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਦੇਖਦੇ ਹੀ ਦੇਖਦੇ ਪਰਾਲੀ ਅਤੇ ਤੂੜੀ ਦਾ ਵੱਡਾ ਹਿੱਸਾ ਇਸ ਦੀ ਲਪੇਟ ’ਚ ਆ ਗਿਆ। ਇਸ ਘਟਨਾ ਵਿੱਚ ਡੰਪ ਮਾਲਕ ਨੂੰ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਵਾਟਰ ਵਰਕਸ ਦੇ ਨੇੜੇ ਬਣੇ ਇਸ ਡੰਪ ਵਿੱਚ ਦੇਰ ਰਾਤ ਅੱਗ ਲੱਗੀ। ਸਭ ਤੋਂ ਪਹਿਲਾਂ ਨੇੜੇ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਅੱਗ ਦਾ ਪਤਾ ਲੱਗਿਆ, ਜਿਨ੍ਹਾਂ ਨੇ ਰੌਲਾ ਪਾ ਕੇ ਪਿੰਡ ਵਾਸੀਆਂ ਨੂੰ ਸਚੇਤ ਕੀਤਾ। ਪਿੰਡ ਵਾਸੀਆਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਗਨੀਮਤ ਇਹ ਰਹੀ ਕਿ ਹਵਾ ਦਾ ਰੁਖ ਪਿੰਡ ਵੱਲ ਨਹੀਂ ਸੀ, ਜਿਸ ਕਾਰਨ ਅੱਗ ਆਬਾਦੀ ਵਾਲੇ ਖੇਤਰ ਤਕ ਨਹੀਂ ਪਹੁੰਚੀ ਤੇ ਵੱਡਾ ਹਾਦਸਾ ਟਲ ਗਿਆ। ਜੇਕਰ ਹਵਾ ਪਿੰਡ ਵੱਲ ਹੁੰਦੀ ਤਾਂ ਅੱਗ ਰਿਹਾਇਸ਼ੀ ਇਲਾਕੇ ਤਕ ਫੈਲ ਸਕਦੀ ਸੀ। ਡੰਪ ਮਾਲਕ ਕਿਸਾਨ ਹਰਕੀਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ ਕਰੀਬ 125 ਟਰਾਲੀਆਂ ਤੂੜੀ ਅਤੇ ਲਗਭਗ 10 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੰਢਾਂ ਇਕੱਠੀਆਂ ਕੀਤੀਆਂ ਹੋਈਆਂ ਸਨ, ਜੋ ਅੱਗ ਦੀ ਭੇਟ ਚੜ੍ਹ ਗਈਆਂ। ਇਸ ਅੱਗ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।