ਅਕਲੀਆ ਜਲਾਲ ਗੋਲ਼ੀ ਕਾਂਡ : ਤਿੰਨ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ
ਅਕਲੀਆ ਜਲਾਲ ਗੋਲੀ ਕਾਂਡ :- ਤਿੰਨ ਜਣਿਆਂ ਤੇ ਇਰਾਦਾ ਕਤਲ ਦਾ ਪਰਚਾ ਦਰਜ।
Publish Date: Mon, 11 May 2026 05:49 PM (IST)
Updated Date: Tue, 12 May 2026 04:06 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਲੰਘੇ ਐਤਵਾਰ ਜ਼ਿਲ੍ਹੇ ਦੇ ਪਿੰਡ ਅਕਲੀਆ ਜਲਾਲ ਵਿਖੇ ਹੋਏ ਗੋਲੀ ਕਾਂਡ ਦੇ ਮਾਮਲੇ ’ਚ ਪੁਲਿਸ ਨੇ ਤਿੰਨ ਨੌਜਵਾਨਾਂ ਦੇ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਇਸ ਪਰਚੇ ਵਿਚ ਚਾਰ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਇਹ ਕਾਰਵਾਈ ਗੋਲੀ ਵੱਜਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਥਾਣਾ ਭਗਤਾ ਭਾਈਕਾ ਦੀ ਪੁਲਿਸ ਵੱਲੋਂ ਅਮਲ ਵਿਚ ਲਿਆਂਦੀ ਹੈ। ਪੀੜਤ ਨੌਜਵਾਨ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਹੈ। ਪੀੜਤ ਨੌਜਵਾਨ ਦੀ ਪਛਾਣ ਹਰਜਿੰਦਰ ਸਿੰਘ ਉਰਫ ਲਾਡੀ ਵਾਸੀ ਪਿੰਡ ਆਕਲੀਆ ਜਲਾਲ ਵਜੋਂ ਹੋਈ ਹੈ। ਪਿੰਡ ਅਕਲੀਆ ਜਲਾਲ ਦੇ ਰਹਿਣ ਵਾਲੇ ਜਗਦੀਸ਼ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਲੰਘੀ10 ਮਈ ਨੂੰ ਇਕਬਾਲ ਸਿੰਘ, ਪਾਲਾ ਸਿੰਘ, ਖੁਸ਼ਪ੍ਰੀਤ ਸਿੰਘ ਮੈਂ ਚਾਰ ਦੇ ਕਰੀਬ ਅਣਪਛਾਤਿਆਂ ਨਾਲ ਮਿਲ ਕੇ ਉਸ ਦੇ ਲੜਕੇ ਹਰਜਿੰਦਰ ਸਿੰਘ ਨਾਲ ਕੁੱਟਮਾਰ ਕੀਤੀ। ਪੀੜਤ ਅਨੁਸਾਰ ਇਸ ਦੌਰਾਨ ਇਕਬਾਲ ਸਿੰਘ ਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ, ਜੋ ਹਰਜਿੰਦਰ ਸਿੰਘ ਦੇ ਪੇਟ ਵਿੱਚ ਲੱਗਿਆ। ਜ਼ਖ਼ਮੀ ਨੂੰ ਸਥਾਨਕ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਘਟਨਾ ਪੁਰਾਣੀ ਰੰਜਿਸ਼ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਨੇ ਵਿਅਕਤੀ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਤੇ ਕੁਝ ਦਿਨ ਪਹਿਲਾਂ ਹੀ ਦੋਹਾਂ ਵਿਚਕਾਰ ਤਕਰਾਰ ਹੋਈ ਸੀ। ਵਾਰਦਾਤ ਵਾਲੇ ਦਿਨ ਦੋਵੇਂ ਧਿਰਾਂ ਪਿੰਡ ਦੀ ਦਾਣਾ ਮੰਡੀ ’ਚ ਆਹਮੋ ਸਾਹਮਣੇ ਹੋ ਗਈਆਂ। ਇਸ ਸਬੰਧੀ ਥਾਣਾ ਭਗਤਾ ਭਾਈਕਾ ਦੇ ਐਸਐਚਓ ਪਰਬਤ ਸਿੰਘ ਦਾ ਕਹਿਣਾ ਹੈ ਕਿ ਕਥਿਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।