ਨੌਜਵਾਨ ਵੱਲੋਂ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ
ਨੌਜਵਾਨ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ
Publish Date: Mon, 11 May 2026 05:10 PM (IST)
Updated Date: Tue, 12 May 2026 04:04 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਬਠਿੰਡਾ-ਡੱਬਵਾਲੀ ਰੋਡ ਸਥਿਤ ਗਣਪਤੀ ਇਨਕਲੇਵ ਦੇ ਪਿੱਛੇ ਸਾਈਂ ਨਗਰ ਗਲੀ ਨੰਬਰ 8 ਵਿਚ ਇਕ ਨੌਜਵਾਨ ਵੱਲੋਂ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਿਤਿਨ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਿਤਿਨ ਕੁਮਾਰ ਆਪਣੇ ਕਮਰੇ ’ਚ ਇਕੱਲਾ ਰਹਿੰਦਾ ਸੀ। ਜਦੋਂ ਇਕ ਵਿਅਕਤੀ ਉਸ ਨੂੰ ਬੁਲਾਉਣ ਲਈ ਘਰ ਪਹੁੰਚਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫੀ ਖਟਖਟਾਉਣ ਦੇ ਬਾਵਜੂਦ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੇ ਉੱਪਰੋਂ ਅੰਦਰ ਜਾ ਕੇ ਦੇਖਿਆ। ਦਰਵਾਜ਼ਾ ਖੋਲ੍ਹਣ ’ਤੇ ਨੌਜਵਾਨ ਕਮਰੇ ’ਚ ਪੱਖੇ ਨਾਲ ਚੁੰਨੀ ਦੇ ਫਾਹੇ ਨਾਲ ਲਟਕਦਾ ਮਿਲਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਸੰਦੀਪ ਗਿੱਲ ਤੇ ਵਰਧਮਾਨ ਚੌਕੀ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ। ਸਹਾਰਾ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਉਤਾਰਿਆ। ਪਤਾ ਲੱਗਾ ਹੈ ਕਿ ਮ੍ਰਿਤਕ 400 ਕਿਲੇ ਇਲਾਕੇ ਵਿਚ ਸਥਿਤ ਇਕ ਦਵਾਈ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ਵਿੱਚ ਰਹਿੰਦਾ ਹੈ, ਜਦਕਿ ਉਹ ਇੱਥੇ ਇਕੱਲਾ ਰਹਿ ਰਿਹਾ ਸੀ। ਸਹਾਰਾ ਟੀਮ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾ ਕੇ ਸੁਰੱਖਿਅਤ ਰੱਖਵਾ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।