ਏਮਜ਼ ਵੱਲੋਂ ਰਾਸ਼ਟਰੀ ਸਰਜੀਕਲ ਓਨਕੋਲੋਜੀ ਕਾਨਫਰੰਸ ਕਰਵਾਈ
ਏਮਜ਼ ਬਠਿੰਡਾ ਵੱਲੋਂ ਰਾਸ਼ਟਰੀ ਸਰਜੀਕਲ ਓਨਕੋਲੋਜੀ ਕਾਨਫਰੰਸ “ਓਨਕੋ ਕਨਕਲੇਵ 2026” ਦਾ ਆਯੋਜਨ
Publish Date: Mon, 11 May 2026 04:49 PM (IST)
Updated Date: Tue, 12 May 2026 04:03 AM (IST)

ਪੰਜਾਬੀ ਜਾਗਰਣ ਰਿਪੋਰਟਰ, ਬਠਿੰਡਾ : ਏਮਜ਼ ਦੇ ਸਰਜੀਕਲ ਓਨਕੋਲੋਜੀ ਵਿਭਾਗ ਵੱਲੋਂ 9 ਅਤੇ 10 ਮਈ 2026 ਨੂੰ ਪਹਿਲੀ ਰਾਸ਼ਟਰੀ ਸਰਜੀਕਲ ਓਨਕੋਲੋਜੀ ਕਾਨਫਰੰਸ “ਓਨਕੋ ਕਨਕਲੇਵ 2026” ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਹ ਕਾਨਫਰੰਸ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਡਾ. ਰਤਨ ਗੁਪਤਾ ਦੀ ਦੂਰਦਰਸ਼ੀ ਅਗਵਾਈ ਹੇਠ ਕਰਵਾਈ। ਕਾਨਫਰੰਸ ਦੇ ਆਯੋਜਨ ਵਿੱਚ ਸਰਜੀਕਲ ਓਨਕੋਲੋਜੀ ਵਿਭਾਗ ਦੇ ਆਰਗੇਨਾਈਜ਼ਿੰਗ ਚੇਅਰਪਰਸਨ ਡਾ. ਨਿਖਿਲ ਗਰਗ ਨੇ ਮੁੱਖ ਭੂਮਿਕਾ ਨਿਭਾਈ। ਕਾਨਫਰੰਸ ਵਿੱਚ ਦੇਸ਼ ਭਰ ਤੋਂ ਕੈਂਸਰ ਇਲਾਜ ਅਤੇ ਸਰਜੀਕਲ ਓਨਕੋਲੋਜੀ ਨਾਲ ਜੁੜੇ ਉੱਘੇ ਮਾਹਿਰਾਂ ਨੇ ਭਾਗ ਲਿਆ। ਕਾਨਫਰੰਸ ਵਿੱਚ ਐਸਆਰਐਮ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਸੀਨੀਅਰ ਸਰਜੀਕਲ ਓਨਕੋਲੋਜਿਸਟ ਡਾ. ਸੁਬੀਆ ਸ਼ਨਮੁਗਮ, ਮਾਰੇਂਗੋ ਸੀਆਈਐਮਐਸ ਹਸਪਤਾਲ ਦੇ ਛਾਤੀ ਤੇ ਥੋਰੈਸਿਕ ਕੈਂਸਰ ਸਰਜਰੀ ਵਿਸ਼ੇਸ਼ਗਿਆ ਡਾ. ਅਭਿਸ਼ੇਕ ਜੈਨ ਅਤੇ ਗੁਜਰਾਤ ਕੈਂਸਰ ਐਂਡ ਰਿਸਰਚ ਇੰਸਟੀਚਿਊਟ ਦੇ ਸਰਜੀਕਲ ਓਨਕੋਲੋਜੀ ਵਿਭਾਗ ਦੇ ਮੁਖੀ ਡਾ. ਵਿਕਾਸ ਵਾਰਿਕੂ ਸਮੇਤ ਕਈ ਮਾਹਿਰ ਸ਼ਾਮਿਲ ਹੋਏ। ਡਾ. ਰੁਸ਼ਿਤ ਦਵੇ ਅਤੇ ਡਾ. ਅਭਿਨਵ ਮਹਾਜਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੌਰਾਨ ਕੈਂਸਰ ਦੀ ਸ਼ੁਰੂਆਤੀ ਪਛਾਣ, ਬਹੁ-ਅਨੁਸ਼ਾਸਨੀ ਇਲਾਜ ਪ੍ਰਬੰਧਨ ਅਤੇ ਓਨਕੋਲੋਜੀ ਖੇਤਰ ਵਿੱਚ ਹੋ ਰਹੀਆਂ ਨਵੀਆਂ ਤਰੱਕੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮਾਹਿਰਾਂ ਨੇ ਕਿਹਾ ਕਿ ਕੈਂਸਰ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਸਿਹਤ ਸੰਭਾਲ ਪ੍ਰਦਾਤਾਵਾਂ ਵਿਚਕਾਰ ਸਹਿਯੋਗੀ ਪਹੁੰਚ ਬਹੁਤ ਜ਼ਰੂਰੀ ਹੈ। ਕਾਨਫਰੰਸ ਦਾ ਉਦੇਸ਼ ਓਨਕੋਲੋਜੀ ਖੇਤਰ ’ਚ ਸਿਹਤ ਸੰਭਾਲ ਪੇਸ਼ੇਵਰਾਂ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਤੇ ਮਰੀਜ਼ਾਂ ਲਈ ਬਿਹਤਰ ਇਲਾਜ ਯਕੀਨੀ ਬਣਾਉਣਾ ਸੀ। ਏਮਜ਼ ਬਠਿੰਡਾ ਵੱਲੋਂ ਕਿਹਾ ਗਿਆ ਕਿ ਅਜਿਹੀਆਂ ਅਕਾਦਮਿਕ ਪਹਿਲਕਦਮੀਆਂ ਡਾਕਟਰੀ ਗਿਆਨ ਨੂੰ ਅੱਗੇ ਵਧਾਉਣ, ਕਲੀਨਿਕਲ ਮੁਹਾਰਤ ਨੂੰ ਮਜ਼ਬੂਤ ਕਰਨ ਤੇ ਲੋਕਾਂ ’ਚ ਸਿਹਤ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।