ਬਲਾਕ ਪੱਧਰ ’ਤੇ ਕਿਸਾਨਾਂ ਨੂੰ ਕੀਤਾ ਜਾਗਰੂਕ
ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ
Publish Date: Sun, 10 May 2026 08:01 PM (IST)
Updated Date: Mon, 11 May 2026 04:12 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਡਾ. ਹਰਪ੍ਰੀਤਪਾਲ ਕੌਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਗਤ ਮੰਡੀ ਵਿਖੇ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ। ਡਾ. ਪ੍ਰਭਜੋਤ ਕੌਰ ਜ਼ਿਲ੍ਹਾ ਸਿਖਲਾਈ ਅਫਸਰ ਤੇ ਡਾ. ਮਨੋਜ ਕੁਮਾਰ ਖੇਤੀਬਾੜੀ ਅਫ਼ਸਰ ਸੰਗਤ ਦੀ ਅਗਵਾਈ ਹੇਠ ਹੋਏ ਇਸ ਕੈਂਪ ਦੌਰਾਨ ਕਿਸਾਨਾਂ ਨੂੰ ਸਰਕਾਰੀ ਸਕੀਮਾਂ, ਸਿੱਧੀ ਬਿਜਾਈ, ਨਰਮੇ ਅਤੇ ਪਕਾਵੀਂ ਮੱਕੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਤੇ ਖੇਤੀ ਨਾਲ ਜੁੜੀਆਂ ਨਵੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਆ। ਕੈਂਪ ਦੌਰਾਨ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਐਗਰੀ ਸਟੈਕ ਅਤੇ ਫਾਰਮਰ ਆਈਡੀ ਬਣਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਨਾਲ ਮਿੱਟੀ ਤੇ ਪਾਣੀ ਦੀ ਜਾਂਚ ਕਰਵਾ ਕੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਦੀ ਸਲਾਹ ਦਿੱਤੀ। ਡਾ. ਯਾਦਵੀਰ ਕੌਰ ਵੱਲੋਂ ਰੂੜੀ ਖਾਦ ਤੇ ਹਰੀ ਖਾਦ ਵਰਗੀਆਂ ਜੈਵਿਕ ਖਾਦਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪ੍ਰੇਰਿਤ ਕੀਤਾ। ਡਾ. ਜਸਵਿੰਦਰ ਕੌਰ ਨੇ ਪਕਾਵੀਂ ਮੱਕੀ ਤੇ ਨਰਮੇ ਦੀ ਫਸਲ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਮੱਕੀ ਦੀ ਬਿਜਾਈ, ਨਦੀਨਾਂ ਦੀ ਰੋਕਥਾਮ ਤੇ ਫਾਲ ਆਰਮੀਵਰਮ ਤੋਂ ਬਚਾਅ ਦੇ ਤਰੀਕੇ ਦੱਸੇ। ਇਸ ਨਾਲ ਨਰਮੇ ਦੀ ਬਿਜਾਈ 15 ਮਈ ਤੋਂ ਪਹਿਲਾਂ ਕਰਨ, ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਸਰਵੇਖਣ ਤੇ ਰੋਕਥਾਮ ਲਈ ਲੋੜੀਂਦੇ ਕਦਮਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੌਰਾਨ ਖੇਤੀ ਵਿਭਿੰਨਤਾ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਧਿਆਨ ’ਚ ਰੱਖਦਿਆਂ ਕਿਸਾਨਾਂ ਨੂੰ ਨਰਮੇ ਹੇਠ ਰਕਬਾ ਵਧਾਉਣ ਲਈ ਪ੍ਰੇਰਿਆ। ਅੰਤ ਵਿਚ ਡਾ. ਪ੍ਰਭਜੋਤ ਕੌਰ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਨਰਮੇ ਸਮੇਤ ਹੋਰ ਵਿਕਲਪੀ ਫਸਲਾਂ ਅਤੇ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕੀਤੀ। ਡਾ. ਮਨਜਿੰਦਰ ਸਿੰਘ ਨੇ ਪ੍ਰੋਸੈਸਿੰਗ ਅਤੇ ਸਵੈ ਮੰਡੀਕਰਨ ਰਾਹੀਂ ਫਸਲਾਂ ਦਾ ਮੁੱਲ ਵਧਾ ਕੇ ਆਮਦਨ ’ਚ ਇਜ਼ਾਫ਼ਾ ਕਰਨ ਦੀ ਗੱਲ ਕਹੀ।