ਸਿੱਧੂ ਬਰਾੜ ਭਾਈਚਾਰੇ ਵੱਲੋਂ 400 ਸਾਲਾ ਮੋਹੜੀ ਗੱਡ ਦਿਹਾੜਾ ਮਨਾਉਣ ਬਾਰੇ ਵਿਚਾਰਾਂ
ਸਿੱਧੂ ਬਰਾੜ ਭਾਈਚਾਰੇ ਵੱਲੋਂ 400 ਸਾਲਾਂ ਮੋਹੜੀ
Publish Date: Sun, 10 May 2026 07:53 PM (IST)
Updated Date: Mon, 11 May 2026 04:12 AM (IST)
ਜਸਪਾਲ ਪਾਲੀ, ਪੰਜਾਬੀ ਜਾਗਰਣ, ਮਹਿਰਾਜ : ਬਾਹੀਏ ਦੇ ਮੁੱਢ ਅਤੇ ਇਤਿਹਾਸਕ ਨਗਰ ਮਹਿਰਾਜ ਦੇ 400 ਸਾਲਾ ਮੋਹੜੀ ਗੱਡ ਦਿਹਾੜੇ ਨੂੰ ਸ਼ਾਨੋ-ਸ਼ੌਕਤ ਨਾਲ ਮਨਾਉਣ ਸਬੰਧੀ ਸਿੱਧੂ-ਬਰਾੜ ਭਾਈਚਾਰੇ ਦੀ ਅਹਿਮ ਮੀਟਿੰਗ ਗੁਰਦੁਆਰਾ ਬਾਬਾ ਸਿੱਧ ਤਿਲਕ ਰਾਏ ਮਹਿਰਾਜ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਹੋਰ ਸੂਬਿਆਂ ਤੋਂ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਤੇ ਸਮਾਗਮ ਨੂੰ ਇਤਿਹਾਸਕ ਬਣਾਉਣ ਲਈ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਕੈਨੇਡਾ, ਸੇਵਾਮੁਕਤ ਲੈਕਚਰਾਰ ਗੁਰਨਾਮ ਸਿੰਘ ਕਲਿਆਣ, ਰੂੜ ਸਿੰਘ ਲਹਿਰਾ ਮੁਹੱਬਤ, ਸਰਪੰਚ ਸੁਮਨਪ੍ਰੀਤ ਕੌਰ ਪੂਹਲਾ, ਨੰਬਰਦਾਰ ਦਰਸ਼ਨ ਸਿੰਘ ਨਥਾਣਾ, ਜਗਦੇਵ ਸਿੰਘ ਚੱਕ ਮਹਿਰਾਜ ਕਾ (ਰਾਜਸਥਾਨ), ਐਡਵੋਕੇਟ ਜੱਸ ਬੱਜੋਆਣਾ, ਗੁਰਮੀਤ ਸਿੰਘ, ਅਮਰੀਕ ਸਿੰਘ , ਜਿਲ੍ਹਾ ਪ੍ਰੈਸ ਸਕੱਤਰ ਗੁਰਤੇਜ ਮਹਿਰਾਜ, ਤੀਰਥ ਸਿੰਘ ਸਿੱਧੂ ਦਿਆਲਪੁਰਾ ਮਿਰਜ਼ਾ ਨੇ ਦੱਸਿਆ ਕਿ “ਸਿੱਧੂ-ਬਰਾੜ ਭਾਈਚਾਰਾ ਵਿਸ਼ਵ ਵੈਲਫੇਅਰ ਸੁਸਾਇਟੀ ਮਹਿਰਾਜ (ਬਠਿੰਡਾ)” ਦੇ ਨਾਮ ਹੇਠ ਸੰਸਥਾ ਨੂੰ ਰਜਿਸਟਰ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਮੁੱਚੇ ਸਿੱਧੂ-ਬਰਾੜ ਭਾਈਚਾਰੇ ਨੂੰ ਇਕ ਮੰਚ ’ਤੇ ਇਕੱਠਾ ਕਰਨ ਲਈ ਜਲਦ ਹੀ ਸਰਬਸੰਮਤੀ ਨਾਲ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਹਿਰਾਜ ਪਿੰਡ ਦੇ ਇਤਿਹਾਸ, ਵਿਰਸੇ ਅਤੇ ਭਾਈਚਾਰੇ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਇਕ ਵਿਸ਼ੇਸ਼ ਕਿਤਾਬ ਜਾਂ ਯਾਦਗਾਰੀ ਮੈਗਜ਼ੀਨ ਵੀ ਛਪਾਇਆ ਜਾਵੇਗਾ। ਇਸ ਤੋਂ ਇਲਾਵਾ ਸਮਾਗਮ ਨੂੰ ਵਿਸ਼ਵ ਪੱਧਰ ’ਤੇ ਯਾਦਗਾਰੀ ਬਣਾਉਣ ਲਈ ਦੇਸ਼ਾ-ਵਿਦੇਸ਼ ਵਿਚ ਵੱਸਦੇ ਸਿੱਧੂ-ਬਰਾੜ ਭਾਈਚਾਰੇ ਨਾਲ ਸੰਪਰਕ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਲੋਕਾਂ ਨੂੰ ਇਸ ਮਹਾਨ ਇਤਿਹਾਸਕ ਦਿਹਾੜੇ ਨਾਲ ਜੋੜਿਆ ਜਾਵੇਗਾ, ਤਾਂ ਜੋ 400 ਸਾਲਾ ਸਮਾਗਮ ਨੂੰ ਭਾਈਚਾਰਕ ਏਕਤਾ, ਵਿਰਸੇ ਅਤੇ ਸੱਭਿਆਚਾਰ ਦੀ ਵਿਲੱਖਣ ਮਿਸਾਲ ਬਣਾਇਆ ਜਾ ਸਕੇ। ਇਸ ਮੌਕੇ ਹਾਜ਼ਰ ਸਮੂਹ ਸੰਗਤ ਅਤੇ ਭਾਈਚਾਰੇ ਦੇ ਆਗੂਆਂ ਨੇ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।