ਅੰਤਰਰਾਸ਼ਟਰੀ ਜਰਨਲ ’ਚ ਡਾ. ਪੀਯੂਸ਼ ਵਰਮਾ ਤੇ ਸਾਥੀਆਂ ਦਾ ਖੋਜ ਪੱਤਰ ਪ੍ਰਕਾਸ਼ਿਤ
ਅੰਤਰਰਾਸ਼ਟਰੀ ਜਰਨਲ ਵਿਚ ਡਾ. ਪੀਯੂਸ਼ ਵਰਮਾ ਤੇ ਸਾਥੀਆਂ ਦਾ ਖੋਜ ਪੱਤਰ ਪ੍ਰਕਾਸ਼ਿਤ
Publish Date: Sun, 10 May 2026 07:37 PM (IST)
Updated Date: Mon, 11 May 2026 04:12 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ ਨੇ ਸ਼ੂਲਿਨੀ ਯੂਨੀਵਰਸਿਟੀ ਸੋਲਨ ਤੇ ਯੂਨੀਵਰਸਿਟੀ ਆਫ਼ ਪੈਟਰੋਲੀਅਮ ਦੇਹਰਾਦੂਨ ਦੇ ਸਹਿਯੋਗ ਨਾਲ ਪ੍ਰਸਿੱਧ ਅੰਤਰ-ਰਾਸ਼ਟਰੀ ਜਰਨਲ ਆਫ਼ ਰੀਨਿਊਏਬਲ ਐਂਡ ਸਸਟੇਨੇਬਲ ਐਨਰਜੀ ਰੀਵਿਊਜ਼ ਵਿਚ ਖੋਜ ਪੱਤਰ ਪ੍ਰਕਾਸ਼ਿਤ ਕਰਵਾਇਆ ਹੈ। ਡਾ. ਵਰਮਾ ਨੇ ਦੱਸਿਆ ਕਿ ਖੋਜ ਪੱਤਰ ਊਰਜਾ ਅਤੇ ਜਲਵਾਯੂ ਗਠਜੋੜ ਦੀਆਂ ਚੁਣੌਤੀਆਂ ਅਤੇ ਭਵਿੱਖ ਦੀਆਂ ਨਵੀਆਂ ਸੰਭਾਵਨਾਵਾਂ ਦੀ ਪੜਚੋਲ ਕਰਦਾ ਹੋਇਆ, ਮੌਜੂਦਾ ਊਰਜਾ ਅਭਿਆਸ ਦੁਆਰਾ ਪੈਦਾ ਹੋਣ ਵਾਲੇ ਜੌਖਮਾਂ ਅਤੇ ਟਿਕਾਊ ਪਰਿਵਰਤਨ ਦੇ ਮੌਕਿਆਂ ਨੂੰ ਉਜਾਗਰ ਕਰਦਾ ਹੈ। ਖੋਜ ਪੱਤਰ ਅਨੁਸਾਰ ਊਰਜਾ ਖੇਤਰ ਵਿੱਚ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਲਗਭਗ 73 ਫੀਸਦੀ ਹੈ, ਜੋ ਮੁੱਖ ਤੌਰ ’ਤੇ ਜੈਵਿਕ ਬਾਲਣ ਤੇ ਨਿਰਭਰਤਾ ਕਾਰਨ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਵਧਦੇ ਤਾਪਮਾਨ ਨਾਲ ਊਰਜਾ ਖਪਤ ਵਿਚ ਮਹੱਤਵਪੂਰਨ ਤਬਦੀਲੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨਵਿਆਉਣਯੋਗ ਊਰਜਾ ਖੇਤਰ ਵਿਚ ਨਵੀਆਂ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਬ੍ਰਾਜ਼ੀਲ ਵਿਚ 47.7 ਫੀਸਦੀ ਊਰਜਾ ਨਵਿਆਉਣਯੋਗ ਸਾਧਨਾਂ ਰਾਹੀਂ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਵਰਗੀਆਂ ਉਭਰ ਰਹੀਆਂ ਵਿਧੀਆਂ ਦੀਆਂ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਅਨੁਸਾਰ ਭਵਿੱਖ ਵਿਚ ਊਰਜਾ ਮੰਗ ਪੂਰੀ ਕਰਨ ਲਈ ਨਵਿਆਉਣਯੋਗ ਊਰਜਾ ਪ੍ਰਣਾਲੀ ਅਨੁਕੂਲ ਹੋ ਸਕਦੀ ਹੈ। ਇਸ ਲਈ ਅੰਤਰ-ਰਾਸ਼ਟਰੀ ਸਹਿਯੋਗ ਵਧਾਉਣ ਦੀ ਲੋੜ ਹੈ ਤਾਂ ਕਿ ਟਿਕਾਊ ਵਿਕਾਸ ਅਤੇ ਲੰਮੇਂ ਸਮੇਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।