ਐੱਸਸੀ ਵਰਗ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ : ਸਰਦੂਲ ਗੋਬਿੰਦਪੁਰਾ
2027 ਲਈ ਸਰਦੂਲ ਗੋਬਿੰਦਪੁਰਾ ਨੇ ਕੀਤੀਆਂ ਕਾਂਗਰਸ ਦੀਆਂ ਮੀਟਿੰਗਾਂ
Publish Date: Sun, 10 May 2026 07:08 PM (IST)
Updated Date: Mon, 11 May 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਬਠਿੰਡਾ ਦਿਹਾਤੀ ਅੰਦਰ ਪਿੰਡ ਪੱਧਰ ‘ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪੰਜਾਬ ਕਾਂਗਰਸ ਐਸਸੀ ਡਿਪਾਰਟਮੈਂਟ ਦੇ ਸੁਬਾਈ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਇਕਾਈ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ ਵੱਲੋਂ ਬਲਾਕ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਪਿੰਡ ਲਹਿਰਾ ਸੋਧਾਂ, ਲਹਿਰਾਂ ਖਾਨਾ ਅਤੇ ਲਹਿਰਾਂ ਬੇਗਾ ਵਿਖੇ ਵਿਸ਼ੇਸ਼ ਮੀਟਿੰਗਾਂ ਕਰਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ।
ਮੀਟਿੰਗਾਂ ਦੌਰਾਨ ਪਾਰਟੀ ਆਗੂਆਂ ਨੇ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਹੁਣ ਤੋਂ ਹੀ ਪਿੰਡ ਪੱਧਰ ‘ਤੇ ਲੋਕਾਂ ਨਾਲ ਜੁੜਨ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਅਪੀਲ ਕੀਤੀ। ਜ਼ਿਲ੍ਹਾ ਇਕਾਈ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਐਸਸੀ ਵਿੰਗ ਪਿੰਡ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਦਿੱਤੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਵਰਕਰਾਂ ਨੂੰ ਇਕਜੁੱਟ ਕੀਤਾ ਜਾ ਰਿਹਾ ਹੈ, ਤਾਂ ਜੋ 2027 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਮਜ਼ਬੂਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਲ 2027 ਵਿਚ ਕਾਂਗਰਸ ਪਾਰਟੀ ਸੂਬੇ ਅੰਦਰ ਆਪਣੀ ਸਰਕਾਰ ਕਾਇਮ ਕਰੇਗੀ ਅਤੇ ਆਪ ਸਰਕਾਰ ਵੱਲੋਂ ਬੰਦ ਕੀਤੀਆਂ ਸਕੀਮਾਂ ਮੁੜ ਚਾਲੂ ਕੀਤੀਆਂ ਜਾਣਗੀਆਂ। ਮੀਟਿੰਗਾਂ ਵਿੱਚ ਬਲਾਕ ਪ੍ਰਧਾਨ ਪ੍ਰਗਟ ਸਿੰਘ ਤੁੰਗਵਾਲੀ, ਐਸਸੀ ਵਿੰਗ ਦੇ ਆਗੂ ਜਗਜੀਤ ਸਿੰਘ ਬੇਗਾ, ਸਰਪੰਚ ਕੁਲਵੰਤ ਸਿੰਘ, ਸਾਬਕਾ ਸਰਪੰਚ ਰਾਜਵੀਰ ਸਿੰਘ, ਭੋਲਾ ਸਿੰਘ ਸੇਮਾ, ਮਨਜੀਤ ਸਿੰਘ ਬੇਗਾ, ਜੰਟਾ ਸਿੰਘ ਮਾਨ, ਗੁਰਨੈਬ ਸਿੰਘ ਮੈਂਬਰ ਅਤੇ ਨੀਟਾ ਸਮੇਤ ਕਈ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਰਹੇ।